ਨਵਾਜ਼ ਦੇ ਭਰਾ ਸ਼ਾਹਬਾਜ਼ ਬੋਲੇ- ਮੈਂ ਇਮਰਾਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਕਰਾਂਗਾ

10/27/2016 7:08:04 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਉਨ੍ਹਾਂ ''ਤੇ ਭ੍ਰਿਸ਼ਟਾਚਾਰ ਦੇ ਬੇਬੁਨਿਆਦ ਦੋਸ਼ ਲਾਉਣ ਵਾਲੇ ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖਾਨ ਵਿਰੁੱਧ ਉਹ 26 ਅਰਬ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਠੋਕਣਗੇ। ਪਾਕਿਸਤਾਨ ਪੰਜਾਬ ਸੂਬੇ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਇਮਰਾਨ ਖਾਨ ਨੇ ਬਿਨਾਂ ਕੋਈ ਸਬੂਤ ਦੇ ਉਨ੍ਹਾਂ ਦੇ ਪਰਿਵਾਰ ''ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਪਾਕਿਸਤਾਨ ''ਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਅਤੇ ਇਮਰਾਨ ਖਾਨ 2 ਨਵੰਬਰ ਨੂੰ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਹਨ।
ਸ਼ਾਹਬਾਜ਼ ਨੇ ਟਵੀਟ ਕੀਤਾ, ''''ਮੈਂ 26 ਅਰਬ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨ ਵਾਲਾ ਹਾਂ। ਇਮਰਾਨ ਵਿਰੁੱਧ ਕਾਨੂੰਨ ਦੀ ਅਦਾਲਤ ''ਚ ਉਨ੍ਹਾਂ ਦੇ ਝੂਠੇ ਦੋਸ਼ਾਂ ਲਈ।'''' ਸ਼ਾਹਬਾਜ਼ ਨੇ ਕਿਹਾ ਕਿ ਉਹ ਅਦਾਲਤ ਨੂੰ ਬੇਨਤੀ ਕਰਨਗੇ ਕਿ ਉਹ ਮਾਮਲੇ ਦੀ ਰੋਜ਼ਾਨਾ ਆਧਾਰ ''ਤੇ ਸੁਣਵਾਈ ਕਰਨ ਅਤੇ ਛੇਤੀ ਤੋਂ ਛੇਤੀ ਫੈਸਲਾ ਸੁਣਾਉਣ।
ਦੱਸਣ ਯੋਗ ਹੈ ਕਿ ਇਮਰਾਨ ਨੇ ਦੋਸ਼ ਲਾਇਆ ਸੀ ਕਿ ਜਾਵੇਦ ਸਾਦਿਕ ਅਤੇ ਚੀਨ ਸਟੇਟ ਕੰਸਟਰਕਸ਼ਨ ਇੰਜੀਨੀਅਰਿੰਗ ਕਾਰਪੋਰੇਸ਼ਨ ਦੇ ਕਾਰਜਕਾਰੀ ਡਾਇਰੈਕਟਰ ਸ਼ਾਹਬਾਜ਼ ਲਈ ਕੰਮ ਕਰ ਰਹੇ ਹਨ ਅਤੇ ਕਮੀਸ਼ਨ ਦੇ ਤੌਰ ''ਤੇ ਅਰਬਾਂ ਰੁਪਏ ਕਮਾ ਰਹੇ ਹਨ।  ਸਾਦਿਕ ਇਕ ਟੀ. ਵੀ. ਟਾਕ ਸ਼ੋਅ ''ਚ ਸਾਰੇ ਦੋਸ਼ਾਂ ਨੂੰ ਨਕਾਰ ਚੁੱਕੇ ਹਨ। ਸਾਦਿਕ ਨੇ ਕਿਹਾ, ''''ਮੈਂ ਸ਼ਾਹਬਾਜ਼ ਨੂੰ 2008 ਤੋਂ ਜਾਣਦਾ ਹਾਂ ਅਤੇ ਉਨ੍ਹਾਂ ਨੇ ਮੈਨੂੰ ਕੋਈ ਟੈਂਡਰ ਜਾਂ ਪ੍ਰਾਜੈਕਟ ਅਲਾਟ ਨਹੀਂ ਕੀਤਾ।'''' ਇਮਰਾਨ ਖਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਹ ਅਗਲੇ ਹਫਤੇ ਸ਼ੁਰੂ ਹੋ ਰਹੇ ਪ੍ਰਦਰਸ਼ਨ ਜ਼ਰੀਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਅਸਤੀਫਾ ਦੇਣ ''ਤੇ ਮਜ਼ਬੂਰ ਕਰ ਦੇਣਗੇ।
 

Tanu

This news is News Editor Tanu