ਐਡਮਿੰਟਨ 'ਚ ਵਾਪਰਿਆ ਭਿਆਨਕ ਹਾਦਸਾ, 6 ਲੋਕ ਹੋਏ ਜ਼ਖਮੀ

10/10/2017 7:04:08 PM

ਐਡਮਿੰਟਨ (ਬਿਊਰੋ)— ਕੈਨੇਡਾ ਦੇ ਐਡਮਿੰਟਨ 'ਚ ਸੋਮਵਾਰ ਦੀ ਦੁਪਹਿਰ ਨੂੰ ਦੋ ਵਾਹਨਾਂ ਦਰਮਿਆਨ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਹਾਦਸਾ ਸੋਮਵਾਰ ਦੁਪਹਿਰ ਤਕਰੀਬਨ 1.15 ਵਜੇ ਟਾਊਨਸ਼ਿਪ ਰੋਡ-520 ਅਤੇ ਰੇਂਜ ਰੋਡ-232 'ਤੇ ਵਾਪਰਿਆ। ਕੈਨੇਡੀਅਨ ਪੁਲਸ ਮੁਤਾਬਕ ਪਿਕਅੱਪ ਟਰੱਕ ਦੀ ਕਾਰ ਨਾਲ ਭਿਆਨਕ ਟੱਕਰ ਹੋ ਗਈ। 
ਟਰੱਕ 'ਚ 5 ਲੋਕ ਸਵਾਰ ਸਨ, ਜਿਨ੍ਹਾਂ 'ਚ 3 ਬੱਚੇ ਸ਼ਾਮਲ ਸਨ, ਸਾਰਿਆਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਕਾਰ ਦਾ ਡਰਾਈਵਰ ਵੀ ਜ਼ਖਮੀ ਹੋਇਆ ਹੈ ਅਤੇ ਉਸ ਦੀ ਕਾਰ 'ਚ ਕੋਈ ਯਾਤਰੀ ਸਵਾਰ ਨਹੀਂ ਸੀ। ਪੁਲਸ ਮੁਤਾਬਕ ਘਟਨਾ ਵਾਲੀ ਥਾਂ 'ਤੇ 3 ਐਂਬੂਲੈਂਸ ਅਤੇ 4 ਪੁਲਸ ਵਾਹਨ ਪਹੁੰਚੇ ਅਤੇ ਜ਼ਖਮੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਤੋਂ ਬਾਅਦ ਸੋਮਵਾਰ ਦੁਪਹਿਰ 3 ਵਜੇ ਤੱਕ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ। ਹਾਦਸੇ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।