ਲੜਕੀ 'ਤੇ ਤੇਜ਼ਾਬ ਸੁੱਟਣ ਵਾਲੇ ਨੌਜਵਾਨ ਨੂੰ ਦਿੱਤੀ ਗਈ 60 ਸਾਲ ਦੀ ਸਜ਼ਾ

11/17/2017 11:40:21 AM

ਇਸਲਾਮਾਬਾਦ (ਬਿਊਰੋ)— ਪਿਆਰ ਵਿਚ ਅਸਫਲ ਇਨਸਾਨ ਨਿਰਾਸ਼ਾ ਵਿਚ ਕਿਸ ਹੱਦ ਤੱਕ ਜਾ ਸਕਦਾ ਹੈ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੁੰਦਾ ਹੈ। ਕਈ ਵਾਰੀ ਇਹ ਨਿਰਾਸ਼ਾ ਬਦਲੇ ਦੀ ਭਾਵਨਾ ਵਿਚ ਬਦਲ ਜਾਂਦੀ ਹੈ ਅਤੇ ਇਨਸਾਨ ਅਪਰਾਧ ਕਰ ਬੈਠਦਾ ਹੈ। ਇਸ ਤਰ੍ਹਾਂ ਦਾ ਮਾਮਲਾ ਪਾਕਿਸਤਾਨ ਦਾ ਸਾਹਮਣੇ ਆਇਆ ਹੈ। ਇੱਥੇ ਲੜਕੀ ਵਲੋਂ ਵਿਆਹ ਦਾ ਪ੍ਰਸਤਾਵ ਠੁਕਰਾਉਣ 'ਤੇ ਨੌਜਵਾਨ ਨੇ ਉਸ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਪਾਕਿਸਤਾਨ ਦੀ ਅੱਤਵਾਦੀ ਵਿਰੋਧੀ ਅਦਾਲਤ ਨੇ ਇਸ ਨੌਜਵਾਨ ਨੂੰ 60 ਸਾਲ ਦੀ ਸਜ਼ਾ ਸੁਣਾਈ ਹੈ। 
ਲਾਹੌਰ ਵਿਚ ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਸੱਜਾਦ ਅਹਿਮਦ ਨੇ ਅਸਮਤੁੱਲਾਹ (25) ਨੂੰ ਇਸ ਮਾਮਲੇ ਵਿਚ ਵੱਖ-ਵੱਖ ਅਪਰਾਧਾਂ ਵਿਚ ਸ਼ਾਮਿਲ ਹੋਣ ਕਾਰਨ ਅੱਤਵਾਦੀ ਵਿਰੋਧੀ ਕਾਨੂੰਨ, 1997 ਦੇ ਤਹਿਤ 25-25 ਸਾਲ ਦੀ ਸਜ਼ਾ ਸੁਣਾਈ। ਉੱਥੇ ਪਾਕਿਸਤਾਨ ਦੀ ਦੰਡ ਵਿਧਾਨ ਦੀ ਧਾਰਾ 324 ਦੇ ਤਹਿਤ 10 ਸਾਲ ਦੀ ਸਜ਼ਾ ਸੁਣਾਈ। ਜੱਜ ਨੇ ਦੋਸ਼ੀ 'ਤੇ 39 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਇਹ ਰਾਸ਼ੀ ਦੋਸ਼ੀ ਨੌਜਵਾਨ ਵੱਲੋਂ ਤੇਜ਼ਾਬ ਪੀੜਤਾ ਨੂੰ ਦਿੱਤੀ ਜਾਵੇਗੀ। 
ਅਸਮਤੁੱਲਾਹ ਨੇ ਦੋ ਮਹੀਨੇ ਪਹਿਲਾਂ ਲਾਹੌਰ ਦੇ ਡਿਫੈਂਸ ਏਰੀਆ ਖੇਤਰ ਵਿਚ 23 ਸਾਲਾ ਇਕ ਲੜਕੀ ਦੇ ਚਿਹਰੇ 'ਤੇ ਤੇਜ਼ਾਬ ਸੁੱਟਿਆ ਸੀ। ਲੜਕੀ ਇੱਥੇ ਸੋਫਟਵੇਅਰ ਕੰਪਨੀ ਵਿਚ ਕੰਮ ਕਰਦੀ ਸੀ। ਦੇਸ਼ੀ ਨੇ ਆਪਣਾ ਜੁਰਮ ਸਵੀਕਾਰ ਕਰਦੇ ਹੋਏ ਦੱਸਿਆ ਕਿ ਉਸ ਨੇ ਲੜਕੀ ਵੱਲੋਂ ਵਿਆਹ ਦਾ ਪ੍ਰਸਤਾਵ ਠੁਕਰਾਏ ਜਾਣ ਮਗਰੋਂ ਇਹ ਕਦਮ ਚੁੱਕਿਆ।