ਸੈਲਫੀ ਦੇ ਚੱਕਰ ''ਚ ਹਾਦਸੇ ਦਾ ਸ਼ਿਕਾਰ ਹੋਏ ਦੋ ਇਟਾਲੀਅਨ ਨੌਜਵਾਨ, ਹੋਈ ਮੌਤ

05/21/2019 6:54:39 PM

ਰੋਮ (ਕੈਂਥ)— ਪੂਰੀ ਦੁਨੀਆ ਨੂੰ ਸੈਲਫੀ ਨੇ ਆਪਣਾ ਦੀਵਾਨਾ ਬਣਾ ਰੱਖਿਆ ਹੈ। ਸੈਲਫੀ ਵਾਲੀ ਆਦਤ ਭਾਵੇਂ ਸਭ ਨੂੰ ਆਮ ਜਿਹੀ ਹੁਣ ਲੱਗਣ ਲੱਗੀ ਹੈ ਪਰ ਲੋਕਾਂ ਦੀ ਸੈਲਫੀ ਵਾਲੀ ਆਦਤ ਕਈ ਵਾਰ ਉਨ੍ਹਾਂ ਨੂੰ ਮੌਤ ਦੇ ਮੂੰਹ 'ਚ ਲੈ ਜਾਂਦੀ ਹੈ। ਦੋ ਦਿਨ ਪਹਿਲਾਂ ਹੀ ਇਟਲੀ ਵਿਚ ਅਜਿਹੀ ਹੀ ਘਟਨਾ ਵਾਪਰੀ, ਜਿਸ ਦੌਰਾਨ ਦੋ ਇਟਾਲੀਅਨ ਨਾਗਰਿਕਾਂ ਦੀ ਮੌਤ ਹੋ ਗਈ।

ਦੋਵੇਂ ਇਟਾਲੀਅਨ ਦੋਸਤ 39 ਸਾਲਾ ਲੂਈਜੀ ਬਿਸਕੋਨਤੀ ਅਤੇ 36 ਸਾਲਾ ਫਾਉਤੋ ਦਲ ਮੋਰੋ ਨੇ ਹਾਈਵੇ ਉੱਪਰ ਆਪਣੀ ਬੀ.ਐੱਮ.ਡਬਲਯੂ. ਕਾਰ ਨੂੰ 220 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਾ ਰਹੇ ਸਨ ਅਤੇ ਇਸ ਦੌਰਾਨ ਹੀ ਉਨ੍ਹਾਂ ਆਪਣੇ ਫੋਨ ਰਾਹੀਂ ਆਪਣੇ ਇਸ ਸਫ਼ਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਏ ਉੱਪਰ ਭੇਜਣੀ ਸ਼ੁਰੂ ਕਰ ਦਿੱਤੀ। ਬਸ ਫਿਰ ਕੀ ਸੀ ਜੋ ਨਹੀਂ ਹੋਣਾ ਚਾਹੀਦਾ ਸੀ, ਉਹ ਹੋ ਗਿਆ। ਇਹ ਦੋਵੇਂ ਦੋਸਤ ਵੀਡੀਓ ਬਣਾਉਣ ਦੇ ਚੱਕਰ 'ਚ ਆਪਣੀ ਕਾਰ ਦਾ ਸੰਤੁਲਨ ਗੁਆ ਬੈਠੇ ਤੇ ਇਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ ਜਿਸ ਕਾਰਨ ਇਤਾਲੀਅਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ।

ਇਸ ਘਟਨਾ ਨੇ ਦੁਨੀਆ ਭਰ ਦੇ ਸੈਲਫ਼ੀ ਪ੍ਰੇਮੀਆਂ ਨੂੰ ਹਲੂਣਾ ਦਿੰਦਿਆਂ ਜਾਗਣ ਦਾ ਸੰਕੇਤ ਦਿੱਤਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਯੂਰੀਸਪੇਸ ਇਟਲੀ ਨੇ ਪ੍ਰਕਾਸ਼ਿਤ ਕੀਤੀ ਇਕ ਜਾਣਕਾਰੀ ਵਿਚ ਦੱਸਿਆ ਕਿ ਭਾਰਤ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦਿੱਲੀ ਦੇ ਅਧਿਐਨ ਅਨੁਸਾਰ ਦੁਨੀਆ ਭਰ 'ਚ ਪਿਛਲੇ 6 ਸਾਲਾਂ ਵਿਚ 259 ਲੋਕਾਂ ਦੀ ਖਤਰਨਾਕ ਤਰੀਕੇ ਨਾਲ ਸੈਲਫੀ ਲੈਂਦੇ ਸਮੇਂ ਹਾਦਸੇ ਵਿਚ ਮੌਤ ਹੋ ਗਈ।

Baljit Singh

This news is Content Editor Baljit Singh