ਇਟਲੀ ''ਚ ਸੰਤਰਿਆਂ ਨਾਲ ਲਡ਼ੀ ਜਾਣ ਵਾਲੀ ਇਹ ਜੰਗ, ਦੇਖੋ ਤਸਵੀਰਾਂ

02/20/2020 7:50:09 PM

ਇਵਰੇਆ - ਯੂਰਪ ਦੇ ਕਈ ਦੇਸ਼ਾਂ ਵਿਚ ਵੱਖਰੇ-ਵੱਖਰੇ ਤਿਓਹਾਰ ਮਨਾਏ ਜਾਂਦੇ ਹਨ, ਜਿਵੇਂ ਸਪੇਨ ਵਿਚ ਮਾਰਚ ਮਹੀਨੇ ਦੀ 13 ਤੋਂ 15 ਤਰੀਕ ਤੱਕ 'ਬਾਰਸੀਲੋਨਾ ਬੀਅਰ ਫੈਸਟੀਵਲ' ਮਨਾਇਆ ਜਾਂਦਾ ਹੈ। ਜਿਸ ਵਿਚ ਕਈ ਤਰ੍ਹਾਂ ਦੀਆਂ ਬੀਅਰਾਂ, ਵਾਈਨ ਦੀ ਨੁਮਾਇਸ਼ ਲਾਈ ਜਾਂਦੀ ਹੈ। ਉਥੇ ਹੀ ਯੂਰਪੀ ਦੇਸ਼ ਇਟਲੀ ਦੇ ਉੱਤਰ-ਪੱਛਮੀ ਵਿਚ ਸਥਿਤ ਇਵਰੇਆ ਸ਼ਹਿਰ ਵਿਚ ਹਰ ਸਾਲ ਸੈਂਕਡ਼ੇ ਲੋਕ ਸ਼ਰੋਵ ਮੰਗਲਵਾਰ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ। ਇਸ ਮੱਧ ਕਾਲੀਨ ਸ਼ਹਿਰ ਦੇ ਇਕ ਵੱਡੇ ਚੌਰਾਹੇ 'ਤੇ ਜਸ਼ਨ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਰਸਮ ਦੇ ਤੌਰ 'ਤੇ ਲੋਕ ਇਕ ਦੂਜੇ 'ਤੇ ਸੰਤਰੇ ਮਾਰਦੇ ਹਨ।

ਇਵਰੇਆ ਵਿਚ ਜਿਥੇ ਇਸ ਆਯੋਜਨ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ, ਉਥੇ ਪੇਸ਼ੇਵਰ ਫੋਟੋਗ੍ਰਾਫਰ ਐਂਡ੍ਰੀਆ ਕਾਪੈਲੋ ਨੇ ਬੀ. ਬੀ. ਸੀ. ਦੇ ਇਸ ਤਿਓਹਾਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਉਨ੍ਹਾਂ ਨੇ ਪਿਛਲੇ ਸਾਲ ਖਿੱਚੀਆਂ ਸਨ। ਉਹ ਆਖਦੀ ਹੈ ਕਿ ਸ਼ਹਿਰ ਵਿਚ ਇਸ ਉਤਸਵ ਦੌਰਾਨ ਅਜਿਹਾ ਲੱਗਦਾ ਹੈ, ਜਿਵੇਂ ਸੰਤਰਿਆਂ ਦੀ ਮਦਦ ਨਾਲ ਲੋਕ ਆਪਸ ਵਿਚ ਕੋਈ ਜੰਗ ਲੱਡ਼ ਰਹੇ ਹਨ। ਇਸ ਤਿਓਹਾਰ ਦੀ ਬਹੁਤ ਪੁਰਾਣੀ ਮਾਨਤਾਵਾਂ ਹਨ ਜੋ ਭਾਰਤ ਦੇ ਤਿਓਹਾਰ ਹੋਲੀ ਨਾਲ ਕਾਫੀ ਮਿਲਦਾ-ਜੁਲਦਾ ਹੈ। ਦਰਅਸਲ ਸ਼ਰੋਵ ਮੰਗਲਵਾਰ, ਏਸ਼ ਬੁੱਧਵਾਰ ਤੋਂ ਇਕ ਦਿਨ ਪਹਿਲਾਂ ਦਾ ਮੰਗਲਵਾਰ ਹੁੰਦਾ ਹੈ, ਜੋ ਅਮੂਮਨ ਈਸਟਰ ਤੋਂ 40 ਦਿਨ ਪਹਿਲਾਂ (7 ਹਫਤੇ ਪਹਿਲਾਂ) ਆਉਂਦਾ ਹੈ।

ਇਵਰੇਆ ਵਿਚ ਇਸ ਦੇ ਪਿੱਛੇ ਦੀ ਕਹਾਣੀ ਇਹ ਹੈ ਕਿ ਇਕ ਰਾਜਾ ਸੀ, ਜਿਹਡ਼ਾ ਬਡ਼ਾ ਹੀ ਜਾ਼ਲਮ ਸੀ ਅਤੇ ਉਸ ਨੇ ਆਪਣੀ ਪ੍ਰਜਾ ਲਈ ਬਹੁਤ ਹੀ ਸਖਤ ਨਿਯਮ ਬਣਾ ਦਿੱਤੇ ਸਨ। ਲੋਕ ਉਸ ਰਾਜਾ ਤੋਂ ਨਰਾਜ਼ ਸਨ, ਪਰ ਉਹ ਆਪਣੀ ਨਰਾਜ਼ਗੀ ਜ਼ਾਹਿਰ ਕਰਨ ਦਾ ਜ਼ੋਖਮ ਨਹੀਂ ਚੁੱਕ ਸਕਦੇ ਸਨ ਪਰ ਇਸ ਰਾਜਾ ਦਾ ਅੰਤ ਉਦੋਂ ਹੋਇਆ ਜਦ ਸੁਹਾਗਰਾਤ ਦੇ ਦਿਨ ਰਾਣੀ ਵਾਇਲੇਟਾ ਨੇ ਉਸ ਦੀ ਧੌਂਣ ਵੱਢ ਦਿੱਤੀ। ਸ਼ਹਿਰ ਦੇ ਲੋਕ ਦੱਸਦੇ ਹਨ ਕਿ ਇਸ ਘਟਨਾ ਤੋਂ ਬਾਅਦ ਗੁੱਸੇ ਵਿਚ ਆਏ ਲੋਕਾਂ ਨੇ ਰਾਜਾ ਦੇ ਕਿਲੇ ਨੂੰ ਅੱਗ ਲਾ ਦਿੱਤੀ ਸੀ ਅਤੇ ਇਸ ਦੌਰਾਨ ਰਾਜਾ ਦੇ ਸਮਰਥਕਾਂ ਅਤੇ ਉਨ੍ਹਾਂ ਦੇ ਮੁਖਲਿਫਾਂ ਵਿਚਾਲੇ ਜੋ ਸੰਘਰਸ਼ ਹੋਇਆ, ਸ਼ਰੋਵ ਮੰਗਲਵਾਰ ਦਾ ਜਸ਼ਨ ਉਸੇ ਨੂੰ ਦਰਸਾਉਂਦਾ ਹੈ। ਸ਼ਹਿਰ ਦੇ ਵੱਡੇ ਚੌਰਾਹਿਆਂ 'ਤੇ ਜਿਹਡ਼ੀ ਭੀਡ਼ ਜਮ੍ਹਾ ਹੁੰਦੀ ਹੈ ਉਹ ਬਾਜੇ-ਗਾਜੇ ਦੇ ਨਾਲ ਆਉਂਦੀ ਹੈ। ਉਥੇ ਹੀ ਹਰ ਸਾਲ ਇਕ ਵਿਆਹੀ ਮਹਿਲਾ ਰਾਣੀ ਵਾਇਲੇਟਾ ਦਾ ਕਿਰਦਾਰ ਨਿਭਾਉਂਦੀ ਹੈ।

ਦੱਸ ਦਈਏ ਕਿ ਸੰਤਰਿਆਂ ਨਾਲ ਲਡ਼ੀ ਜਾਣ ਵਾਲੀ ਇਹ ਜੰਗ 3 ਦਿਨਾਂ ਤੱਕ ਚੱਲਦੀ ਹੈ ਜੋ ਸ਼ਰੋਵ ਮੰਗਲਵਾਰ ਦੇ ਦਿਨ ਖਤਮ ਹੁੰਦੀ ਹੈ। ਜਿਹਡ਼ੇ ਲੋਕ ਰਾਜੇ ਦੀ ਫੌਜ ਦੀ ਭੂਮਿਕਾ ਵਿਚ ਹੁੰਦੇ ਹਨ ਉਹ ਇਕ ਗੱਡੀ ਉਪਰੋਂ ਸੰਤਰੇ ਲੋਕਾਂ ਦੇ ਮਾਰਦੇ ਹਨ। ਕਈ ਵਾਰ ਤਾਂ ਲੋਕਾਂ ਵਿਚ ਬਹੁਤ ਜ਼ਿਆਦਾ ਜੋਸ਼ ਦੇਖਣ ਨੂੰ ਮਿਲਦਾ ਹੈ। ਦੋਹਾਂ ਪਾਸਿਓ ਸੰਤਰੇ ਮਾਰੇ ਜਾ ਰਹੇ ਹੁੰਦੇ ਹਨ, ਇਸ ਕਾਰਨ ਪੂਰਾ ਇਲਾਕਾ ਮਲਬੇ ਨਾਲ ਭਰ ਜਾਂਦਾ ਹੈ। ਜਦ ਇਹ ਜੰਗ ਰੁਕਦੀ ਹੈ ਤਾਂ ਲੋਕ ਆਪਣੇ-ਆਪਣੇ ਹਿੱਸਿਆਂ ਦੀ ਕਹਾਣੀਆਂ ਸੁਣਾਉਂਦੇ ਹਨ ਅਤੇ ਖੁਸ਼ ਹੁੰਦੇ ਹਨ। ਜੰਗ ਦੌਰਾਨ ਕਾਫੀ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਹਨ ਅਤੇ ਕੁਝ ਦਾ ਤਾਂ ਖੂਨ ਵੀ ਵਿਹਦਾ ਹੈ। ਸਥਾਨਕ ਪ੍ਰਸ਼ਾਸਨ ਮੁਤਾਬਕ ਇਸ ਆਯੋਜਨ ਵਿਚ ਕਰੀਬ 700 ਟਨ ਸੰਤਰੇ ਇਸਤੇਮਾਲ ਹੋ ਜਾਂਦੇ ਹਨ ਅਤੇ ਆਖਿਰ ਵਿਚ ਇਸ ਸਾਰੇ ਮਲਬੇ ਨੂੰ ਇਕੱਠਾ ਕਰ ਸ਼ਹਿਰ ਦੇ ਬਾਹਰ ਸਥਿਤ ਕੂਡ਼ੇਦਾਨ ਵਿਚ ਸੁੱਟ ਦਿੱਤਾ ਜਾਂਦਾ ਹੈ।

Khushdeep Jassi

This news is Content Editor Khushdeep Jassi