ਇਕ ਦਹਾਕੇ ਮਗਰੋਂ ਇਸ ਸ਼ਹਿਰ ਨੇ ਮਨਾਈ ''ਵ੍ਹਾਈਟ ਕ੍ਰਿਸਮਿਸ''

12/26/2017 10:48:41 AM

ਸਿਆਟਲ— ਅਮਰੀਕਾ ਦੇ ਸ਼ਹਿਰ ਸਿਆਟਲ 'ਚ ਲਗਭਗ ਇਕ ਦਹਾਕੇ ਮਗਰੋਂ ਲੋਕਾਂ ਨੇ 'ਵ੍ਹਾਈਟ ਕ੍ਰਿਸਮਿਸ' ਮਨਾਈ। ਸਾਲ 2008 ਤੋਂ ਬਾਅਦ 2017 ਦੀ ਕ੍ਰਿਸਮਿਸ ਲੋਕਾਂ ਲਈ ਬਰਫਬਾਰੀ ਲੈ ਕੇ ਆਈ ਤੇ ਸਾਰਾ ਪਾਸਾ ਕਪਾਹ ਦੇ ਖੇਤ ਵਾਂਗ ਚਿੱਟਾ ਦਿਖਾਈ ਦੇਣ ਲੱਗਾ। ਇੱਥੇ 25 ਦਸੰਬਰ ਦੀ ਸਵੇਰ 2.2 ਇੰਚ ਉੱਚੀ ਬਰਫ ਦੀ ਚਾਦਰ ਵਿਛ ਗਈ। ਇਸ ਤੋਂ ਪਹਿਲਾਂ ਸਾਲ 1926 'ਚ 2.5 ਇੰਚ ਉੱਚੀ ਬਰਫ ਪਈ ਸੀ। 


ਤੁਹਾਨੂੰ ਦੱਸ ਦਈਏ ਕਿ 100 ਸਾਲਾਂ ਦੇ ਸਮੇਂ ਦੌਰਾਨ ਇਹ ਤੀਜੀ ਕ੍ਰਿਸਮਿਸ ਹੈ ਜਿਸ ਦੌਰਾਨ ਬਰਫਬਾਰੀ ਹੋਈ ਹੈ। ਹਾਲਾਂਕਿ ਠੰਡ ਬਹੁਤ ਵਧ ਗਈ ਹੈ ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਪਰ ਫਿਰ ਵੀ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਨਜ਼ਰ ਆ ਰਹੀ ਹੈ। ਲੋਕ ਅੱਧੀ ਰਾਤ ਤਕ ਕੜਾਕੇ ਦੀ ਠੰਡ 'ਚ ਜਸ਼ਨ ਮਨਾਉਂਦੇ ਅਤੇ ਤਸਵੀਰਾਂ ਖਿੱਚਦੇ ਨਜ਼ਰ ਆਏ।

ਬਹੁਤ ਸਾਰੇ ਲੋਕਾਂ ਦੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ ਬਰਫਬਾਰੀ ਦੀਆਂ ਤਸਵੀਰਾਂ ਨਾਲ ਭਰੇ ਹੋਏ ਹਨ। ਸੋਮਵਾਰ ਨੂੰ ਇੱਥੇ ਤੂਫਾਨ ਆਉਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ।