ਗਲਾਸਗੋ ਦੇ ਬੇਘਰੇ ਲੋਕਾਂ ਨੇ ਪੰਜਾਬੀ ਕਾਰੋਬਾਰੀ ਦੇ ਰੈਸਟੋਰੈਂਟ ‘ਚ ਮਨਾਈ ਕ੍ਰਿਸਮਿਸ

12/31/2019 5:11:52 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਖੁੱਲ੍ਹੇ ਆਸਮਾਨ ਹੇਠ ਸੌਣ ਵਾਲੇ ਬੇਘਰੇ ਲੋਕਾਂ ਲਈ ਇਸ ਵਾਰ ਦੀ ਕ੍ਰਿਸਮਿਸ ਬੇਹੱਦ ਖਾਸ ਹੋ ਨਿੱਬੜੀ। ਕਿਉਂਕਿ ਗਲਾਸਗੋ ਦੇ ਉੱਘੇ ਕਾਰੋਬਾਰੀ ਸੋਹਣ ਸਿੰਘ ਰੰਧਾਵਾ, ਬਿਲਡਿੰਗ ਫਰਮ ਦੇ ਮਾਲਕ ਟੌਮੀ ਈਸਟਨ, ਐਨੀ ਈਸਟਨ ਤੇ ਸਾਥੀਆਂ ਵੱਲੋਂ ਬੇਘਰੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਉਹ ਕ੍ਰਿਸਮਿਸ ਮਨਾਉਣ ਲਈ ਸਥਾਨਕ ਬੰਬੇ ਬਲੂਜ਼ ਰੈਸਟੋਰੈਂਟ ਵਿਖੇ ਪਹੁੰਚਣ। ਜਿਉਂ ਹੀ ਰੈਸਟੋਰੈਂਟ ਦੇ ਦਰਵਾਜ਼ੇ ਖੁੱਲ੍ਹੇ ਤਾਂ ਮਹਿਮਾਨਾਂ ਦੀਆਂ ਕਤਾਰਾਂ ਲੱਗ ਗਈਆਂ। ਸਵੇਰ ਤੋਂ ਸ਼ਾਮ ਤੱਕ ਕ੍ਰਿਸਮਿਸ ਦੇ ਖਾਣਿਆਂ ਦਾ ਲੁਤਫ਼ ਲੈਣ ਲਈ ਦੂਰ ਦੁਰਾਡੇ ਤੋਂ ਵੀ ਖੁੱਲ੍ਹੇ ਅਸਮਾਨ ਦੀ ਹਿੱਕ ‘ਤੇ ਸੌਣ ਲਈ ਮਜਬੂਰ ਲੋਕ ਪਹੁੰਚਦੇ ਰਹੇ। 

ਸੋਹਣ ਸਿੰਘ ਰੰਧਾਵਾ ਦੀ ਟੀਮ ਦੇ ਸਾਥੀ ਮਨਜੀਤ ਸਿੰਘ, ਵਿਕਾਸ ਗੁਪਤਾ, ਜੀਵਨ, ਹਰਚਰਨ ਸੇਖੋਂ, ਰਣਜੀਤ ਕੰਗ, ਦਿਲਬਾਗ ਮਿੰਟੂ, ਪਰਮਜੀਤ ਸਿੰਘ, ਬਿੱਟੂ, ਹੈਰੀ ਈਸਟਨ, ਜੈਮੀ ਈਸਟਨ ਸਮੇਤ ਵਾਲੰਟੀਅਰਾਂ ਨੇ ਮਹਿਮਾਨ ਨਿਵਾਜ਼ੀ ‘ਚ ਕਸਰ ਬਾਕੀ ਨਾ ਛੱਡੀ। ਗ਼ਰਮਾ-ਗਰਮ ਖਾਣਿਆਂ ਤੋਂ ਬਾਅਦ ਹਰ ਮਹਿਮਾਨ ਨੂੰ ਤੋਹਫਿਆਂ ਵਾਲੇ ਕਮਰੇ ਵਿੱਚ ਲਿਜਾ ਕੇ ਉਸਦੇ ਸਰੀਰਕ ਨਾਪ ਮੁਤਾਬਿਕ ਟੋਪੀ, ਕੋਟ-ਜੈਕੇਟ, ਕਮੀਜ਼, ਪੈਂਟ, ਜ਼ੁਰਾਬਾਂ, ਬੂਟ ਅਤੇ ਬੈਗ ਆਦਿ ਤੋਹਫ਼ੇ ਦੇ ਕੇ ਤੋਰਿਆ ਗਿਈ। ਇਸ ਪ੍ਰੋਗਰਾਮ ਬਾਰੇ ਗੱਲਬਾਤ ਕਰਨ ‘ਤੇ ਲਗਭਗ ਸਾਰੇ ਬੇਘਰੇ ਮਹਿਮਾਨਾਂ ਦੀ ਇੱਕੋ ਹੀ ਆਵਾਜ਼ ਸੀ ਕਿ ਉਹਨਾਂ ਨੇ ਗਲਾਸਗੋ ਵਿੱਚ ਇਸ ਤਰ੍ਹਾਂ ਦਾ ਸਮਾਗਮ ਆਪਣੀ ਸੁਰਤ ਵਿੱਚ ਪਹਿਲੀ ਵਾਰ ਦੇਖਿਆ ਤੇ ਮਾਣਿਆ ਹੈ। 

ਜ਼ਿਕਰਯੋਗ ਹੈ ਕਿ ਬੇਸ਼ੱਕ ਆਮ ਲੋਕ ਇਹਨਾਂ ਲੋਕਾਂ ਕੋਲੋਂ ਖਾਸ ਦੂਰੀ ਬਣਾ ਕੇ ਰੱਖਦੇ ਹੋਣ ਪਰ ਧੰਨਵਾਦ ਵਜੋਂ ਰੈਸਟੋਰੈਂਟ ਸਟਾਫ ਅਤੇ ਪ੍ਰਬੰਧਕਾਂ ਨੂੰ ਉਹਨਾਂ ਵੱਲੋਂ ਪਾਈਆਂ ਜਾ ਰਹੀਆਂ ਮੋਹ-ਭਰੀਆਂ ਗਲਵੱਕੜੀਆਂ ਤੇ ਦਿੱਤੀਆਂ ਜਾ ਰਹੀਆਂ ਅਸੀਸਾਂ ਇਸ ਗੱਲ ਦੀਆਂ ਗਵਾਹ ਸਨ ਕਿ ਤਿਉਹਾਰ ਮਨਾਉਣ ਦੀ ਉਹਨਾਂ ਦੀ ਚਿਰੋਕਣੀ ਰੀਝ ਪੂਰੀ ਹੋ ਗਈ ਸੀ। ਇਸ ਸਮੇਂ ਗੱਲਬਾਤ ਕਰਦਿਆਂ ਸੋਹਣ ਸਿੰਘ ਰੰਧਾਵਾ ਤੇ ਮਨਜੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਉਹਨਾਂ ਦੀ ਇਹ ਪਲੇਠੀ ਕੋਸ਼ਿਸ਼ ਸੀ ਪਰ ਬੁਝੇ ਚਿਹਰਿਆਂ ‘ਤੇ ਖੁਸ਼ੀ ਦੀਆਂ ਲਹਿਰਾਂ ਦੇਖ ਕੇ ਅਸੀਂ ਫੈਸਲਾ ਲਿਆ ਹੈ ਕਿ ਅਗਲੇ ਸਾਲ ਇਸ ਨਾਲੋਂ ਵੀ ਵੱਡੇ ਪੱਧਰ ‘ਤੇ ਹੋਰ ਨਿਵੇਕਲੇ ਭਲਾਈ ਕਾਰਜ ਕੀਤੇ ਜਾਣਗੇ।

Vandana

This news is Content Editor Vandana