ਸਕਾਟਲੈਂਡ ''ਚ ਤਿੰਨ ਹਫਤਿਆਂ ਲਈ ਕੋਰੋਨਾ ਤਾਲਾਬੰਦੀ ਹੋਈ ਲਾਗੂ

11/21/2020 4:22:07 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਸਕਾਟਲੈਂਡ ਸਰਕਾਰ ਵਲੋਂ ਐਲਾਨੀ ਗਈ ਤਿੰਨ ਹਫਤਿਆਂ ਦੀ ਤਾਲਾਬੰਦੀ ਦੇ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸ਼ੁਰੂ ਹੋਣ ਕਾਰਨ 20 ਲੱਖ ਤੋਂ ਵੱਧ ਸਕਾਟਿਸ਼ ਵਾਸੀ ਤਾਲਾਬੰਦ ਹੋ ਗਏ ਹਨ। ਬੀਤੀ ਸ਼ਾਮ 6 ਵਜੇ ਬੰਦ ਹੋਣ ਤੋਂ ਬਾਅਦ 11 ਦਸੰਬਰ ਤੱਕ ਖੇਤਰ ਦੇ ਉੱਤਰ ‘ਚ 11 ਕੌਂਸਲ ਇਲਾਕਿਆਂ ਦੇ ਵਸਨੀਕ ਜਿਨ੍ਹਾਂ ਵਿਚ ਗਲਾਸਗੋ ਵੀ ਸ਼ਾਮਲ ਹੈ, ਨੂੰ ਸਖ਼ਤ ਟੀਅਰ ਲੈਵਲ 4 ਦੇ ਵਾਇਰਸ ਨਿਯਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਲਾਨਾਰਕਸ਼ਾਇਰ, ਆਯਰਸ਼ਾਇਰ, ਡਨਬਾਰਟਨਸ਼ਾਇਰ ਅਤੇ ਸਟਰਲਿੰਗ ਦੇ ਕੁਝ ਹਿੱਸਿਆਂ ਵਿਚ ਕੋਵਿਡ ਦੇ ਫੈਲਣ ਨੂੰ ਰੋਕਣ ਦੇ ਮਕਸਦ ਨਾਲ ਘਰ ਵਿਚ ਰਹਿਣ ਦੇ ਹੁਕਮ ਦਿੱਤੇ ਗਏ ਹਨ। 

ਇਨ੍ਹਾਂ ਸਾਰੇ ਪ੍ਰਭਾਵਿਤ ਖੇਤਰਾਂ ਵਿਚ ਗੈਰ-ਜ਼ਰੂਰੀ ਦੁਕਾਨਾਂ ਪੂਰੀ ਤਰ੍ਹਾਂ ਬੰਦ ਹੋਣ ਦੇ ਨਾਲ-ਨਾਲ ਸਾਰੇ ਪ੍ਰਹੁਣਚਾਰੀ ਵਾਲੇ ਸਥਾਨ ਵੀ ਬੰਦ ਹਨ। ਇਸ ਦੇ ਨਾਲ ਹੀ ਸੈਲੂਨ ਅਤੇ ਜਿੰਮ ਵੀ ਬੰਦ ਹੋ ਜਾਣਗੇ। ਸਕਾਟਿਸ਼ ਲੋਕਾਂ ਨੂੰ ਆਪਣੇ ਸਥਾਨਕ ਅਥਾਰਟੀ ਤੋਂ ਬਾਹਰ ਯਾਤਰਾ ਕਰਨ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਇਨ੍ਹਾਂ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜ਼ੁਰਮਾਨੇ ਦਾ ਸਾਹਮਣਾ ਕਰ ਸਕਦੇ ਹਨ ਪਰ ਇਸ ਦੌਰਾਨ ਜ਼ਰੂਰੀ ਕੰਮ ਜਾਂ ਖਰੀਦਦਾਰੀ ਕਰਕੇ ਵਾਸੀ ਅਜੇ ਵੀ ਹੋਰ ਕੌਂਸਲ ਖੇਤਰਾਂ ਵਿਚ ਜਾ ਸਕਦੇ ਹਨ। ਨਿਕੋਲਾ ਸਟਰਜਨ ਨੇ ਪੁਸ਼ਟੀ ਕੀਤੀ ਕਿ ਇਹ ਸਖ਼ਤ ਨਿਯਮ 11 ਦਸੰਬਰ ਨੂੰ ਸ਼ਾਮ 6 ਵਜੇ ਨਿਸ਼ਚਤ ਤੌਰ 'ਤੇ ਖਤਮ ਹੋ ਜਾਣਗੇ।

ਤਾਲਾਬੰਦੀ ਦੇ ਮੱਦੇਨਜ਼ਰ ਸਟਰਜਨ ਨੇ ਲੈਵਲ ਚਾਰ ਦੇ ਇਲਾਕਿਆਂ ਦੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕ੍ਰਿਸਮਸ ਦੀ ਖਰੀਦਦਾਰੀ ਲਈ ਐਡਿਨਬਰਾ ਜਾਣ ਤੋਂ ਗੁਰੇਜ਼ ਕਰਨ ਅਤੇ ਸਰਕਾਰ ਨੂੰ ਉਮੀਦ ਹੈ ਕਿ ਨਵੇਂ ਤਾਲਾਬੰਦੀ ਨਿਯਮ ਕੋਰੋਨਾ ਲਾਗ ਨੂੰ ਘੱਟ ਕਰਨ ਵਿਚ ਸਹਾਈ ਸਾਬਤ ਹੋਣਗੇ।

Lalita Mam

This news is Content Editor Lalita Mam