ਸਕਾਟਲੈਂਡ : ''ਰਾਸ਼ਟਰ ਪਿਤਾ'' ਦੀ 150ਵੀਂ ਜਨਮ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ ਗਈ

10/06/2020 11:16:32 AM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਭਾਰਤ ਦੇ ਰਾਸ਼ਟਰ ਪਿਤਾ ਅਤੇ ਵਿਸ਼ਵ ਲਈ ਇੱਕ ਪ੍ਰੇਰਣਾ ਸਰੋਤ ਮਹਾਤਮਾ ਗਾਂਧੀ ਨੂੰ ਪੂਰੀ ਦੁਨੀਆ ਵਿੱਚ ਏਕਤਾ ਅਤੇ ਸ਼ਾਂਤੀ ਦੇ ਪ੍ਰਤੀਕ ਵਜੋਂ ਸਤਿਕਾਰਿਆ ਜਾਂਦਾ ਹੈ। ਹਰ ਸਾਲ ਉਨ੍ਹਾਂ ਦਾ ਜਨਮ ਦਿਹਾੜਾ ਪੂਰੇ ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਪਰ ਇਸ ਸਾਲ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ ਦੇ ਸਮਾਰੋਹ ਤੇ  ਐਡਿਨਬਰਾ, ਸਕਾਟਲੈਂਡ ਵਿੱਚ ਗਾਂਧੀ ਜਯੰਤੀ ਸਕਾਟਿਸ਼ ਇਤਿਹਾਸਕ ਪ੍ਰੋਗਰਾਮਾਂ ਦੇ ਨਾਲ-ਨਾਲ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਸੰਬੰਧ ਵਿਚ ਭਾਰਤ ਸਰਕਾਰ ਨੇ ਪਿਛਲੇ ਦੋ ਸਾਲਾਂ 2018-2020 ਦੌਰਾਨ ‘ਰਾਸ਼ਟਰ ਪਿਤਾ’ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਦੇ ਸਮਾਰੋਹ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਹੈ ਅਤੇ ਇਹ ਦੋ ਸਾਲਾਂ ਦੀ ਯਾਦਗਾਰੀ ਅਵਧੀ 2 ਅਕਤੂਬਰ, 2020 ਨੂੰ ਸਮਾਪਤ ਹੋਈ ਹੈ। ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ ਦੇ ਸਮਾਰੋਹ ਦਾ ਅਖੀਰਲਾ ਆਯੋਜਨ ਐਡਿਨਬਰਾ ਵਿਚ ਭਾਰਤ ਦੇ ਕੌਂਸਲੇਟ ਜਨਰਲ ਦੁਆਰਾ ਬਹੁਤ ਹੀ ਉਤਸ਼ਾਹ ਨਾਲ ਕੀਤਾ ਗਿਆ।  

2 ਅਕਤੂਬਰ 2020 ਨੂੰ, ਕੌਂਸਲ ਜਨਰਲ ਸ਼੍ਰੀ ਹਿਤੇਸ਼ ਰਾਜਪਾਲ ਨੇ ਐਡਿਨਬਰਾ ਸਿਟੀ ਕੌਂਸਲ ਦੀ ਨੁਮਾਇੰਦਗੀ ਕਰਨ ਵਾਲੇ ਬੈਲੀ ਲੇਜ਼ਲੇ ਕੈਮਰਨ ਅਤੇ ਸੰਸਦ ਮੈਂਬਰ ਸ੍ਰੀ ਮਾਰਟਿਨ ਡੇ ਨਾਲ  ਐਡਿਨਬਰਾ ਦੇ ਸਾਈਟਨ ਪਾਰਕ ਵਿਖੇ ਮਹਾਤਮਾ ਗਾਂਧੀ ਜੀ ਦੀ ਮੂਰਤੀ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਬਾਅਦ ਰਟਲੈਂਡ ਸਕੁਏਰ, ਐਡਿਨਬਰਾ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਵਿਖੇ ਇੱਕ ਵੱਖਰਾ ਪ੍ਰੋਗਰਾਮ ਹੋਇਆ। ਇਸ ਦੇ ਇਲਾਵਾ ਗਾਂਧੀ ਜੀ ਤੇ ਇਕ ਦਸਤਾਵੇਜ਼ੀ ਪ੍ਰਦਰਸ਼ਨੀ ਦੇ ਨਾਲ ਲੇਖ ਲਿਖਣ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡਣ ਅਤੇ ਹਲਕੇ ਸ਼ਾਕਾਹਾਰੀ ਭੋਜਨ ਵੀ ਸ਼ਾਮਲ ਸਨ।  

ਇਸ ਸਮਾਰੋਹ ਵਿਚ ਕੌਂਸਲ ਜਨਰਲ ਸ੍ਰੀ ਹਿਤੇਸ਼ ਰਾਜਪਾਲ, ਬੈਲੀ ਲੇਜ਼ਲੇ ਕੈਮਰਨ ਅਤੇ ਸੰਸਦ ਮੈਂਬਰ ਸ੍ਰੀ ਮਾਰਟਿਨ ਡੇ ਦੁਆਰਾ ਭਾਸ਼ਣ ਦਿੱਤੇ ਗਏ ਅਤੇ ਸਾਉਥ ਆਰੀਸ਼ਾਇਰ ਕੌਂਸਲ ਦੇ ਪ੍ਰੋਵੋਸਟ ਸੀਲਰ ਹੈਲਨ ਮੂਨ ਦੁਆਰਾ ਵੀਡੀਓ ਸੰਦੇਸ਼ ਦਿੱਤਾ ਗਿਆ।  ਇਸ ਦੇ ਨਾਲ ਹੀ ਸਮਾਰੋਹ ਵਿਚ ਡਾ. ਤਲਤ ਅਹਿਮਦ ਨੇ ਵੀ ‘ਗਾਂਧੀ ਜੀ ਦੀ ਧਾਰਮਿਕ ਨੈਤਿਕਤਾ ਅਤੇ ਇਸ ਦੀ ਸਮਕਾਲੀ ਪ੍ਰਸੰਗਤਾ’ ਤੇ ਭਾਸ਼ਣ ਦੇ ਕੇ ਆਪਣਾ ਯੋਗਦਾਨ ਪਾਇਆ। ਇਸ ਸਮਾਰੋਹ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਗਾਂਧੀ ਜਯੰਤੀ ਦੇ ਸੰਦੇਸ਼ਾਂ ਦੇ ਨਾਲ-ਨਾਲ ਵਿਦੇਸ਼ ਮੰਤਰਾਲੇ ਦਾ ਵੀਡੀਓ ਵੀ ਦੁਨੀਆ ਭਰ ਦੇ ਜਸ਼ਨਾਂ ਦੀ ਝਲਕ ਨਾਲ ਪੇਸ਼ ਕੀਤਾ ਗਿਆ ਪਰ ਕੋਰੋਨਾ ਨਾਲ ਸੰਬੰਧਤ ਪਾਬੰਦੀਆਂ ਕਾਰਨ ਇੱਥੇ ਇਕੱਠ ਨੂੰ ਸੀਮਤ ਕਰ ਦਿੱਤਾ ਗਿਆ ਸੀ ਅਤੇ ਇਸ ਪ੍ਰੋਗਰਾਮ ਦਾ ਸਾਰੀ ਕਵਰੇਜ ਲਈ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ। ਅਖੀਰ ਵਿਚ ਕੌਂਸਲ ਜਨਰਲ ਨੇ ਦੱਖਣੀ ਆਰੀਸ਼ਾਇਰ ਟਾਊਨ ਹਾਲ ਵਿਚ ਮਹਾਤਮਾ ਗਾਂਧੀ ਜੀ ਦੇ ਬੁੱਤ ਨੂੰ ਸਥਾਪਤ ਕਰਨ ਲਈ ਪ੍ਰੋਵੋਸਟ ਹੇਲਨ ਮੂਨ ਦਾ ਧੰਨਵਾਦ ਵੀ ਕੀਤਾ।

Lalita Mam

This news is Content Editor Lalita Mam