ਸਕਾਟਲੈਂਡ : ਡਾਲ ਰਿਆਟਾ ਚੈਨਲ ਨੂੰ ਮਹਿਲਾਵਾਂ ਦੀ ਟੀਮ ਨੇ ਕੀਤਾ ਪਾਰ

06/21/2021 7:20:54 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਮਹਿਲਾਵਾਂ ਦੀ ਇੱਕ ਪਹਿਲੀ ਰਿਲੇਅ ਟੀਮ, ਜੋ ਕਾਉਂਟੀ ਡਾਊਨ ਨਾਲ ਸਬੰਧਤ ਹੈ, ਨੇ ਉੱਤਰੀ ਆਇਰਲੈਂਡ ਅਤੇ ਸਕਾਟਲੈਂਡ ਦਰਮਿਆਨ ਪਾਣੀ ਦੇ ਚੈਨਲ ਨੂੰ ਪਾਰ ਕੀਤਾ ਹੈ। ਡਾਲ ਰਿਆਟਾ ਚੈਨਲ ਦੀ ਮਲ ਆਫ ਕੰਟਾਇਰ ਅਤੇ ਕਾਉਂਟੀ ਐਂਟਰਿਮ ਸਮੁੰਦਰੀ ਤੱਟ ਦੇ ਵਿਚਕਾਰ ਦੀ ਤਕਰੀਬਨ 17 ਕਿਲੋਮੀਟਰ ਦੀ ਦੂਰੀ ਤੇਜ਼ ਲਹਿਰਾਂ ਦੇ ਕਾਰਨ ਤੈਰਾਕੀ ਦੀ ਅਸਲ ਦੂਰੀ 35.3 ਕਿਲੋਮੀਟਰ ਤੱਕ ਹੋ ਗਈ ਸੀ। ਜੇਨ ਰੀਲੀ, ਗ੍ਰੇਸ ਮੈਕਲੌਫਲਿਨ, ਗਿਲਿਅਨ ਸੇਗਾਸਬੀ ਅਤੇ ਨੂਆਲਾ ਗਲਾਈਨ ਆਦਿ ਮਹਿਲਾਵਾਂ ਦੇ ਗਰੁੱਪ ਨੇ ਸਿਰਫ ਅੱਠ ਘੰਟਿਆਂ ’ਚ ਆਪਣੀ ਤੈਰਾਕੀ ਮੁਹਿੰਮ ਨੂੰ ਪੂਰਾ ਕੀਤਾ। ਇਸ ਰਿਲੇਅ ਟੀਮ ਨੇ ਸ਼ਨੀਵਾਰ ਦੇ ਸ਼ੁਰੂਆਤੀ ਘੰਟਿਆਂ ’ਚ ਆਪਣੀ ਪਹਿਲੀ ਕੋਸ਼ਿਸ਼ ਕੀਤੀ ਸੀ ਪਰ ਖ਼ਤਰਨਾਕ ਲਹਿਰਾਂ ਦੇ ਨਤੀਜੇ ਵਜੋਂ ਯੋਜਨਾ ਨੂੰ ਆਖਰੀ ਮਿੰਟ ’ਚ ਛੱਡ ਦਿੱਤਾ ਸੀ। ਇਸ ਕਰਕੇ ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਫਿਰ ਸਵੇਰੇ 6 ਵਜੇ ਇਹ ਟੀਮ ਤੈਰਾਕੀ ਲਈ ਵਾਪਸ ਆਈ।

ਇਹ ਵੀ ਪੜ੍ਹੋ : ਕਈ ਦੇਸ਼ਾਂ ’ਚ ਭਾਰਤੀ ਦੂਤਘਰਾਂ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਹਾੜਾ, ਰਾਜਦੂਤ ਸੰਧੂ ਬੋਲੇ-ਯੋਗ ਸਿਹਤਮੰਦ ਰੱਖਦੈ

ਟੀਮ ਦੀ ਇੱਕ ਮੈਂਬਰ ਜੇਨ ਰੀਲੀ ਨੇ ਦੱਸਿਆ ਕਿ ਚੈਨਲ ਦੀ ਦੂਰੀ ਇਕ ਸਿੱਧੀ ਲਾਈਨ ’ਚ 17 ਕਿਲੋਮੀਟਰ ਹੈ ਪਰ ਲਹਿਰਾਂ ਕਾਰਨ ਇਹ ਦੁੱਗਣੀ ਹੋ ਗਈ। ਇਹ ਤੈਰਾਕੀ ਸਵੇਰੇ 10 ਵਜੇ ਤੋਂ ਤੁਰੰਤ ਬਾਅਦ ਸ਼ੁਰੂ ਹੋਈ, ਜਿਸ ਦੌਰਾਨ ਪਾਣੀ ਦਾ ਤਾਪਮਾਨ 11 ਡਿਗਰੀ ਸੈਲਸੀਅਸ ਸੀ। ਟੀਮ ਦੇ ਹਰੇਕ ਮੈਂਬਰ ਨੇ ਅੱਠ ਘੰਟੇ ਅਤੇ ਸੱਤ ਮਿੰਟ ’ਚ ਦੋ ਵਾਰ ਤੈਰਾਕੀ ਕੀਤੀ ਅਤੇ ਪ੍ਰਤੀ ਮਿੰਟ ’ਚ 70 ਸਟਰੋਕ ਨਾਲ ਤੈਰਾਕੀ ਕੀਤੀ। ਜ਼ਿਕਰਯੋਗ ਹੈ ਕਿ ਪੇਸ਼ੇਵਰ ਤੈਰਾਕ ਮਰਸੀਡੀਜ਼ ਗਲਾਈਟਜ਼ ਨੇ 1928 ’ਚ ਡਾਲ ਰਿਆਟਾ ਚੈਨਲ ਨੂੰ ਪਾਰ ਕਰਨ ਦੀ ਇੱਕ ਅਸਫਲ ਕੋਸ਼ਿਸ਼ ਕੀਤੀ ਸੀ ਅਤੇ ਇਸ ਨੂੰ ਪਾਰ ਕਰਨ ਦੀ ਪਹਿਲੀ ਸਫਲ ਕੋਸ਼ਿਸ਼ ਦੱਖਣੀ ਅਫਰੀਕਾ ਦੇ ਵੇਨ ਸਾਉਟਰ ਵੱਲੋਂ 2012 ’ਚ ਕੀਤੀ ਗਈ ਸੀ। ਉਸ ਨੇ 12 ਘੰਟੇ, 11 ਮਿੰਟ ’ਚ ਤੈਰਾਕੀ ਨੂੰ ਪੂਰਾ ਕੀਤਾ ਸੀ। ਇਸ ਨੂੰ ਪੂਰਾ ਕਰਨ ਵਾਲੀ ਰਿਲੇਅ ਟੀਮ ਇੱਕ ਸਾਲ ਤੋਂ ਵੱਧ ਸਮੇਂ ਤੋਂ ਸਮੁੰਦਰੀ ਕੰਢਿਆਂ ’ਤੇ ਖੁੱਲ੍ਹੇ ਪਾਣੀ ਦੀ ਸਿਖਲਾਈ ਲੈ ਰਹੀ ਹੈ ਪਰ ਸਾਬਕਾ ਵਾਟਰ ਪੋਲੋ ਖਿਡਾਰੀ ਜੇਨ ਇਕਲੌਤੀ ਮੈਂਬਰ ਹੈ, ਜਿਸ ਨੇ ਪਹਿਲਾਂ ਇੱਕ ਚੈਨਲ ਨੂੰ ਪਾਰ ਕੀਤਾ ਸੀ।

Manoj

This news is Content Editor Manoj