ਸਕਾਟਲੈਂਡ: ਏਅਰ ਟ੍ਰੈਫਿਕ ਕੰਟਰੋਲ ਕਰਮਚਾਰੀਆਂ ਦੀ ਹੜਤਾਲ ਕਾਰਨ ਬੰਦ ਰਹਿਣਗੇ ਛੇ ਹਵਾਈ ਅੱਡੇ

07/28/2021 3:57:20 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਛੇ ਏਅਰਪੋਰਟ ਵੀਰਵਾਰ ਨੂੰ ਕਰਮਚਾਰੀਆਂ ਦੀ ਹੜਤਾਲ ਹੋਣ ਕਾਰਨ ਬੰਦ ਰਹਿਣਗੇ। ਇਹਨਾਂ ਏਅਰਪੋਰਟਾਂ ਦੇ ਹਵਾਈ ਟ੍ਰੈਫਿਕ ਕੰਟਰੋਲਰਾਂ ਵੱਲੋਂ ਕੀਤੀ ਜਾਣ ਵਾਲੀ ਹੜਤਾਲ ਕਾਰਨ ਸਕਾਟਲੈਂਡ ਦੇ ਛੇ ਖੇਤਰੀ ਹਵਾਈ ਅੱਡੇ ਵੀਰਵਾਰ ਨੂੰ 24 ਘੰਟਿਆਂ ਲਈ ਬੰਦ ਰਹਿਣ ਵਾਲੇ ਹਨ। ਇਸ ਹੜਤਾਲ ਦੀ ਵਜ੍ਹਾ ਇਹਨਾਂ ਹਵਾਈ ਅੱਡਿਆਂ 'ਤੇ ਹਵਾਈ ਟ੍ਰੈਫਿਕ ਕੰਟਰੋਲ ਲਈ ਰਿਮੋਟ ਏਅਰਪੋਰਟ ਕੰਟਰੋਲ ਟਾਵਰਾਂ ਦੀ ਸ਼ੁਰੂਆਤ ਕਰਨ ਦੀਆਂ ਯੋਜਨਾਵਾਂ ਹਨ। ਇਹਨਾਂ ਨਵੀਆਂ ਯੋਜਨਾਵਾਂ ਤਹਿਤ ਤਕਨਾਲੋਜੀ ਦੀ ਮਦਦ ਨਾਲ ਪੰਜ ਹਵਾਈ ਅੱਡਿਆਂ ਦਾ ਟ੍ਰੈਫਿਕ ਕੰਟਰੋਲ ਇੱਕ ਏਅਰਪੋਰਟ 'ਤੇ ਹੱਬ ਬਣਾ ਕੇ ਕੀਤਾ ਜਾ ਸਕੇਗਾ।  ਜਿਸ ਕਾਰਨ ਕਰਮਚਾਰੀ ਯੂਨੀਅਨਾਂ ਤੇ ਹਾਈਲੈਂਡਜ਼ ਅਤੇ ਆਈਲੈਂਡਜ਼ ਏਅਰਪੋਰਟ ਲਿਮਟਿਡ (ਹਿਆਲ) ਵਿਵਾਦ ਵਿੱਚ ਹਨ। 

ਹਾਈਲੈਂਡਜ਼ ਅਤੇ ਆਈਲੈਂਡਜ਼ ਏਅਰਪੋਰਟ (ਹਿਆਲ) ਇਨਵਰਨੇਸ ਵਿੱਚ ਕਾਰਜਾਂ ਨੂੰ ਕੇਂਦਰੀਕਰਨ ਕਰਨ ਅਤੇ ਪੰਜ ਹਵਾਈ ਅੱਡਿਆਂ ਲਈ ਰਿਮੋਟ ਇੰਟੀਗਰੇਟਡ ਏਅਰ ਟ੍ਰੈਫਿਕ ਕੰਟਰੋਲ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਹਨਾਂ ਵਿੱਚ ਇਨਵਰਨੇਸ, ਡੰਡੀ, ਸਟਾਰਨੋਵੇ, ਕਿਰਕਵਾਲ ਅਤੇ ਸਮਬਰਗ ਹਵਾਈ ਅੱਡੇ ਸ਼ਾਮਲ ਹਨ। ਇਸ ਲਈ ਕਰਮਚਾਰੀਆਂ ਵੱਲੋਂ ਯੋਜਨਾ ਦਾ ਵਿਰੋਧ ਕਰਨ ਲਈ ਬੇਨਬੇਕੁਲਾ, ਡੰਡੀ, ਇਨਵਰਨੇਸ, ਕਿਰਕਵਾਲ, ਸਟਾਰਨੋਵੇ ਅਤੇ ਸਮਬਰਗ ਹਵਾਈ ਅੱਡੇ ਵੀਰਵਾਰ ਨੂੰ ਹੜਤਾਲ ਕਾਰਨ ਬੰਦ ਰਹਿਣਗੇ।

ਪੜ੍ਹੋ ਇਹ ਅਹਿਮ ਖਬਰ-ਅਮਰੀਕਾ 'ਚ ਮੁੜ ਪੈਰ ਪਸਾਰਨ ਲੱਗਾ 'ਕੋਰੋਨਾ', ਇਕ ਦਿਨ 'ਚ ਸਾਹਮਣੇ ਆਏ 1 ਲੱਖ ਤੋਂ ਵੱਧ ਮਾਮਲੇ

ਹਾਲਾਂਕਿ ਐਮਰਜੈਂਸੀ ਉਡਾਣਾਂ ਜਾਰੀ ਰਹਿਣਗੀਆਂ। ਕਰਮਚਾਰੀ ਯੂਨੀਅਨ ਅਨੁਸਾਰ ਇਹਨਾਂ ਯੋਜਨਾਵਾਂ ਕਾਰਨ ਹਵਾਈ ਅੱਡਿਆਂ 'ਤੇ ਨੌਕਰੀਆਂ ਦੀ ਘਾਟ ਪੈਦਾ ਹੋਵੇਗੀ, ਜਿਸਦੇ ਤਹਿਤ ਲੇਵਿਸ, ਓਰਕਨੀ ਅਤੇ ਸ਼ਟਲੈਂਡ ਵਿਚਲੇ ਟਾਪੂ ਹਵਾਈ ਅੱਡਿਆਂ 'ਤੇ ਸਟਾਫ ਦੀ ਕਮੀ ਦੇਖਣ ਨੂੰ ਮਿਲੇਗੀ। ਇਸਦੇ ਇਲਾਵਾ ਏਅਰ ਟ੍ਰੈਫਿਕ ਸਰਵਿਸ ਦੀਆਂ ਪੋਸਟਾਂ ਵੀ ਤਬਦੀਲ ਹੋ ਸਕਦੀਆਂ ਹਨ। ਜਿਸ ਕਾਰਨ ਆਰਥਿਕਤਾ ਨੂੰ ਵੀ ਭਾਰੀ ਨੁਕਸਾਨ ਪਹੁੰਚ ਸਕਦਾ ਹੈ।

Vandana

This news is Content Editor Vandana