ਸਕਾਟਲੈਂਡ ''ਚ ਸੋਮਵਾਰ ਤੋਂ ਵੱਡੇ ਪੱਧਰ ''ਤੇ ਲੱਗੇਗੀ ਆਕਸਫੋਰਡ ਵੈਕਸੀਨ

01/10/2021 1:36:37 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਕੋਰੋਨਾਵਾਇਰਸ ਨੂੰ ਹਰਾਉਣ ਲਈ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਵਿੱਚ ਆਕਸਫੋਰਡ/ ਐਸਟਰਾਜ਼ੇਨੇਕਾ ਕੰਪਨੀ ਦੁਆਰਾ ਬਣਾਏ ਗਏ ਕੋਰੋਨਾਵਾਇਰਸ ਟੀਕੇ ਨੂੰ ਸੋਮਵਾਰ ਤੋਂ ਵਿਆਪਕ ਰੂਪ 'ਚ ਅਮਲ ਵਿੱਚ ਲਿਆਂਦਾ ਜਾਵੇਗਾ। ਇਸ ਟੀਕੇ ਦੀ ਪਹਿਲੀ ਖੁਰਾਕ ਇਸ ਹਫਤੇ ਸਕਾਟਲੈਂਡ ਦੇ ਜੀ.ਪੀ. (ਜਨਰਲ ਪ੍ਰੈਕਟਿਸ) ਅਤੇ ਕਮਿਊਨਿਟੀ ਸੈਂਟਰਾਂ ਵਿੱਚ ਦਿੱਤੀ ਜਾਵੇਗੀ। 

ਆਕਸਫੋਰਡ ਟੀਕੇ ਨੂੰ ਯੂਕੇ ਦੁਆਰਾ ਦਵਾਈਆਂ ਅਤੇ ਸਿਹਤ ਸੰਭਾਲ ਉਤਪਾਦ ਰੈਗੂਲੇਟਰੀ ਏਜੰਸੀ (ਐਮ.ਐਚ.ਆਰ.ਏ) ਦੁਆਰਾ 30 ਦਸੰਬਰ ਨੂੰ ਵਰਤਣ ਲਈ ਮਨਜੂਰ ਕੀਤਾ ਗਿਆ ਸੀ ਅਤੇ ਇਹ ਪਹਿਲਾਂ ਹੀ ਐਨ.ਐਚ.ਐਸ ਟਾਇਸਾਈਡ, ਲੋਥਿਅਨ, ਆਰਕਨੀ ਅਤੇ ਹਾਈਲੈਂਡ ਦੇ ਸਿਹਤ ਦੇਖਭਾਲ ਕੇਂਦਰਾਂ "ਚ ਲਗਾਇਆ ਜਾ ਚੁੱਕਾ ਹੈ। ਸਕਾਟਲੈਂਡ ਨੂੰ ਜਨਵਰੀ ਵਿੱਚ ਆਕਸਫੋਰਡ/ਐਸਟਰਾਜ਼ੇਨੇਕਾ ਟੀਕੇ ਦੀਆਂ ਤਕਰੀਬਨ 533,640 ਖੁਰਾਕਾਂ ਦੀ ਵੰਡ ਕੀਤੀ ਗਈ ਹੈ ਜੋ ਕਿ ਇਸ ਮਹੀਨੇ ਵਿੱਚ ਸਕਾਟਲੈਂਡ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪੁਰਦਗੀ ਲਈ ਉਪਲਬਧ ਹਨ। ਇਸ ਦੇ ਇਲਾਵਾ ਨਿਕੋਲਾ ਸਟਰਜਨ ਮੁਤਾਬਕ ਇਸ ਮਹੀਨੇ ਦੇ ਅੰਤ ਤੱਕ ਦੇਸ਼ ਵਿੱਚ ਆਕਸਫੋਰਡ ਅਤੇ ਫਾਈਜ਼ਰ ਟੀਕਿਆਂ ਸਮੇਤ 900,000 ਤੋਂ ਵੱਧ ਖੁਰਾਕਾਂ ਦੀ ਪਹੁੰਚ ਹੋ ਜਾਵੇਗੀ ਅਤੇ ਹੁਣ ਤੱਕ ਲੱਗਭਗ 110,000 ਤੋਂ ਵੱਧ ਲੋਕਾਂ ਨੂੰ ਫਾਈਜ਼ਰ ਟੀਕਾ ਲੱਗ ਚੁੱਕਾ ਹੈ। 

ਪੜ੍ਹੋ ਇਹ ਅਹਿਮ ਖਬਰ- ਅੱਖਾਂ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਖਾਓ ਇਹ ਖੁਰਾਕ

ਸਕਾਟਲੈਂਡ ਵਿੱਚ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਪਣੇ ਸਥਾਨਕ ਐਨ.ਐਚ.ਐਸ ਬੋਰਡ ਜਾਂ ਜੀ ਪੀ ਦੁਆਰਾ ਪੱਤਰ ਜਾਂ ਫੋਨ ਰਾਹੀਂ ਟੀਕਾਕਰਨ ਲਈ ਸੂਚਿਤ ਕੀਤਾ ਜਾਵੇਗਾ। ਸਿਹਤ ਸਕੱਤਰ ਜੀਨ ਫ੍ਰੀਮੈਨ ਅਨੁਸਾਰ ਸਕਾਟਲੈਂਡ ਵਿੱਚ 1,100 ਤੋਂ ਵੱਧ ਟੀਕਾਕਰਨ ਕੇਦਰਾਂ ਦੇ ਨਾਲ 750 ਤੋਂ ਵੱਧ ਜੀ.ਪੀ. ਅਭਿਆਸਾਂ ਸਮੇਤ 3000 ਤੋਂ ਵੱਧ ਸਿਖਲਾਈ ਪ੍ਰਾਪਤ ਕਰਮਚਾਰੀ ਟੀਕੇ ਲਗਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਹਨ। ਇਸ ਦੇ ਨਾਲ ਸਕਾਟਿਸ਼ ਸਰਕਾਰ ਵੱਲੋਂ ਟੀਕਾਕਰਨ ਪ੍ਰਕਿਰਿਆ ਵਿੱਚ ਹੋਈ ਕਿਸੇ ਵੀ ਅਪਡੇਟ ਬਾਰੇ ਆਉਣ ਵਾਲੇ ਦਿਨਾਂ 'ਚ ਸੂਚਿਤ ਕੀਤਾ ਜਾਵੇਗਾ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana