ਵਿਗਿਆਨੀ ਵੀ ਹੁੰਦੇ ਹਨ ਅੰਧ-ਵਿਸ਼ਵਾਸੀ, ਕਈ ਬੱਸ ਦੇ ਪਹੀਏ ''ਤੇ ਕਰਦੇ ਨੇ ਪਿਸ਼ਾਬ

07/11/2019 8:48:31 PM

ਮਾਸਕੋ (ਏਜੰਸੀ)-ਕੀ ਇਹ ਸੰਭਵ ਹੈ ਕਿ ਵਿਗਿਆਨੀ ਅੰਧ-ਵਿਸ਼ਵਾਸੀ ਹੋਵੇ। ਕਹਿੰਦੇ ਹਨ ਕਿ ਕਿਸੇ ਵੱਡੇ ਜਾਂ ਛੋਟੇ ਕੰਮ ਤੋਂ ਪਹਿਲਾਂ ਰੱਬ ਦੀ ਪੂਜਾ ਕਰਨੀ ਚਾਹੀਦੀ ਹੈ ਪਰ ਜਦੋਂ ਵਿਗਿਆਨ ’ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਵਿਗਿਆਨੀ ਅਜਿਹਾ ਕਰਦੇ ਹਨ ਤਾਂ ਸਵਾਲ ਉੱਠਦਾ ਹੈ ਕਿ ਕੀ ਇਹ ਅੰਧ-ਵਿਸ਼ਵਾਸ ਹੈ ਜਾਂ ਆਸਥਾ। ਭਾਰਤ ਰਤਨ ਨਾਲ ਸਨਮਾਨਤ ਵਿਗਿਆਨੀ ਸੀ. ਐੱਨ. ਆਰ. ਰਾਵ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸਰੋ ਦੇ ਪੂਜਾ ਦੀ ਰਵਾਇਤ ਠੀਕ ਨਹੀਂ ਲੱਗਦੀ ਪਰ ਇਹ ਇਸਰੋ ਵਿਗਿਆਨੀਆਂ ਦਾ ਆਪਣਾ ਫੈਸਲਾ ਹੈ। ਇਸਰੋ 15 ਜੁਲਾਈ ਨੂੰ ਚੰਦਰਯਾਨ-2 ਲਾਂਚ ਕਰਨ ਵਾਲਾ ਹੈ। ਇਸਰੋ ਵਿਗਿਆਨੀ ਹਰ ਲਾਂਚ ਤੋਂ ਪਹਿਲਾਂ ਤਿਰੂਪਤੀ ਬਾਲਾਜੀ ਮੰਦਿਰ ’ਚ ਜਾ ਕੇ ਰਾਕੇਟ ਪੂਜਾ ਕਰਦੇ ਹਨ। ਉਥੇ ਰਾਕੇਟ ਦਾ ਛੋਟਾ ਮਾਡਲ ਚੜ੍ਹਾਉਂਦੇ ਹਨ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਮਿਸ਼ਨ ’ਚ ਸਫਲਤਾ ਮਿਲੇ। ਸਿਰਫ ਭਾਰਤੀ ਪੁਲਾੜ ਏਜੰਸੀ ਹੀ ਨਹੀਂ ਅਮਰੀਕੀ ਪੁਲਾੜ ਏਜੰਸੀ ਨਾਸਾ, ਰੂਸੀ ਵਿਗਿਆਨੀਆਂ ਸਮੇਤ ਦੁਨੀਆਭਰ ਦੇ ਵਿਗਿਆਨੀ ਅੰਧ-ਵਿਸ਼ਵਾਸ ’ਚ ਭਰੋਸਾ ਕਰਦੇ ਹਨ। ਆਓ ਜਾਣਦੇ ਹਾਂ ਦੁਨੀਆਭਰ ਦੇ ਵਿਗਿਆਨੀਆਂ ਦੇ ਅੰਧ-ਵਿਸ਼ਵਾਸ ਬਾਰੇ।
ਰੂਸੀ ਸਪੇਸ ਵਿਗਿਆਨੀਆਂ ਦੇ ਅੰਧ-ਵਿਸ਼ਵਾਸ
ਰੂਸੀ ਪੁਲਾੜ ਯਾਤਰੀ ਪੁਲਾੜੀ ਜਹਾਜ਼ ’ਚ ਸਵਾਰ ਹੋਣ ਤੋਂ ਪਹਿਲਾਂ ਜੋ ਬੱਸ ਉਨ੍ਹਾਂ ਨੂੰ ਲਾਂਚਪੈਡ ਤੱਕ ਲੈ ਜਾਂਦੀ ਹੈ, ਉਸ ਦੇ ਪਿਛਲੇ ਸੱਜੇ ਪਹੀਏ ’ਤੇ ਪਿਸ਼ਾਬ ਕਰਦੇ ਹਨ। ਇਹ ਕਹਾਣੀ ਸ਼ੁਰੂ ਹੋਈ 12 ਅਪ੍ਰੈਲ 1961 ਨੂੰ ਜਦੋਂ ਯੂਰੀ ਗੈਗਰੀਨ ਪੁਲਾੜ ’ਚ ਜਾਣ ਵਾਲੇ ਸਨ, ਉਹ ਯਾਤਰਾ ਤੋਂ ਪਹਿਲਾਂ ਬੇਹੱਦ ਬੇਚੈਨ ਸਨ। ਉਨ੍ਹਾਂ ਨੂੰ ਬਹੁਤ ਤੇਜ਼ ਪਿਸ਼ਾਬ ਆਇਆ ਸੀ। ਉਨ੍ਹਾਂ ਨੇ ਰਸਤੇ ’ਚ ਬੱਸ ਰੁਕਵਾ ਕੇ ਪਿਛਲੇ ਸੱਜੇ ਪਹੀਏ ’ਤੇ ਪਿਸ਼ਾਬ ਕਰ ਦਿੱਤਾ। ਉਨ੍ਹਾਂ ਦਾ ਮਿਸ਼ਨ ਸਫਲ ਰਿਹਾ। ਓਦੋਂ ਤੋਂ ਇਹ ਟੋਟਕਾ ਚਲ ਰਿਹਾ ਹੈ।
ਪੁਲਾੜ ਯਾਤਰਾ ਤੋਂ ਪਹਿਲਾਂ ਵੱਜਦੇ ਹਨ ਰੋਮਾਂਟਿਕ ਗਾਣੇ
ਪੁਲਾੜ ’ਚ ਜਾਣ ਤੋਂ ਪਹਿਲਾਂ ਰੂਸ ’ਚ ਪੁਲਾੜ ਯਾਤਰੀਆਂ ਲਈ ਵਜਾਇਆ ਜਾਂਦਾ ਹੈ ਸੰਗੀਤ। ਇਸ ਦੀ ਸ਼ੁਰੂਆਤ ਵੀ ਯੂਰੀ ਗੈਗਰੀਨ ਨੇ ਕੀਤੀ ਸੀ। ਰਾਕੇਟ ’ਚ ਬੈਠਣ ਤੋਂ ਬਾਅਦ ਉਨ੍ਹਾਂ ਨੇ ਮਿਸ਼ਨ ਕੰਟਰੋਲ ਸੈਂਟਰ ਤੋਂ ਕੋਈ ਸੰਗੀਤ ਵਜਾਉਣ ਨੂੰ ਕਿਹਾ। ਕੰਟਰੋਲ ਸੈਂਟਰ ਨੇ ਉਨ੍ਹਾਂ ਲਈ ਰੋਮਾਂਟਿਕ ਗਾਣੇ ਵਜਾਏ। ਓਦੋਂ ਤੋਂ ਲੈ ਕੇ ਅੱਜ ਤਕ ਸਾਰੇ ਪੁਲਾੜ ਯਾਤਰੀਆਂ ਲਈ ਉਹੀ ਗਾਣੇ ਵੱਜਦੇ ਹਨ।

Sunny Mehra

This news is Content Editor Sunny Mehra