ਅਮਰੀਕਾ 'ਚ ਪੜ੍ਹਾਈ ਕਰਨ ਗਈ ਪਾਕਿਸਤਾਨੀ ਕੁੜੀ ਦੀ ਮੌਤ, ਸਦਮੇ 'ਚ ਪਰਿਵਾਰ

05/20/2018 1:21:27 PM

ਵਾਸ਼ਿੰਗਟਨ— ਅਮਰੀਕਾ ਦੇ ਟੈਕਸਾਸ 'ਚ ਸਾਂਟਾ ਫੇ ਹਾਈ ਸਕੂਲ 'ਚ ਸ਼ੁੱਕਰਵਾਰ ਨੂੰ ਇਕ ਬੰਦੂਕਧਾਰੀ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਇਕ ਪਾਕਿਸਤਾਨੀ ਕੁੜੀ ਸਾਬਿਕਾ ਅਜੀਜ਼ ਸ਼ੇਖ ਦੀ ਮੌਤ ਹੋ ਗਈ। ਉਸ ਦੇ ਪਰਿਵਾਰ ਨੇ ਕਿਹਾ ਕਿ ਉਹ ਇਸ ਸਮੇਂ ਡੂੰਘੇ ਸਦਮੇ 'ਚ ਹਨ, ਉਨ੍ਹਾਂ ਦੀ ਧੀ ਲੱਖਾਂ ਸੁਪਨੇ ਅੱਖਾਂ 'ਚ ਸਜਾ ਕੇ ਅਮਰੀਕਾ ਗਈ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਪੀਓ ਨੇ ਸਾਬਿਕਾ ਸ਼ੇਖ ਦੀ ਮੌਤ 'ਤੇ ਅਫਸੋਸ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਰਦਨਾਕ ਘਟਨਾ 'ਚ ਪਾਕਿਸਤਾਨ ਦੀ ਸਾਬਿਕਾ ਸ਼ੇਖ ਨਾਂ ਦੀ ਵਿਦਿਆਰਥਣ ਦੀ ਮੌਤ ਹੋ ਗਈ। ਪੋਪਿਓ ਨੇ ਕਿਹਾ,''ਸਾਬਿਕਾ ਵਿਦੇਸ਼ ਮੰਤਰਾਲੇ ਵੱਲੋਂ ਆਯੋਜਿਤ 'ਯੂਥ ਐਕਸਚੇਂਜ ਐਂਡ ਸਟੱਡੀ ਪ੍ਰੋਗਰਾਮ' ਤਹਿਤ ਅਮਰੀਕਾ ਆਈ ਸੀ, ਜਿਸ ਦਾ ਮਕਸਦ ਅਮਰੀਕਾ ਅਤੇ ਪਾਕਿਸਤਾਨ ਵਿਚਕਾਰ ਸੰਬੰਧ ਬਣਾਉਣ 'ਚ ਸਹਾਇਤਾ ਕਰਨਾ ਹੈ।''


ਪੋਪੀਓ ਨੇ ਇਕ ਬਿਆਨ 'ਚ ਕਿਹਾ,''ਸਕੂਲ ਗੋਲੀਬਾਰੀ 'ਚ ਮਾਰੇ ਗਏ ਹੋਰ ਬੱਚਿਆਂ ਅਤੇ ਸਾਬਿਕਾ ਦੀ ਮੌਤ ਦਾ ਉਨ੍ਹਾਂ ਨੂੰ ਦੁੱਖ ਹੈ। ਇਸ ਕਾਰਨ ਅਮਰੀਕਾ ਅਤੇ ਪਾਕਿਸਤਾਨ 'ਚ ਸੋਗ ਦੀ ਲਹਿਰ ਹੈ।'' ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ 17 ਸਾਲਾ ਦੇ ਦਿਮੀਤ੍ਰੋਸ ਪਗੋਤਜ੍ਰਿਸ਼ ਨੇ ਸਕੂਲ 'ਚ ਜਾ ਕੇ ਵਿਦਿਆਰਥੀਆਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਕਾਰਨ 9 ਵਿਦਿਆਰਥੀਆਂ ਅਤੇ ਇਕ ਅਧਿਆਪਕ ਦੀ ਮੌਤ ਹੋ ਗਈ। ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।