ਬੁੱਧੀਜੀਵੀ ਪ੍ਰੋ. ਗੁਰਨਾਮ ਸਿੰਘ ਮੁਕਤਸਰ ਦੇ ਦੇਹਾਂਤ ਕਾਰਨ ਅਨੁਸੂਚਿਤ ਜਾਤੀ ਭਾਈਚਾਰੇ ’ਚ ਸ਼ੋਕ ਦੀ ਲਹਿਰ

12/05/2021 5:26:13 PM

ਰੋਮ (ਕੈਂਥ)-ਬਹੁਜਨ ਸਮਾਜ ਤੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਸ਼ੁੱਭ ਚਿੰਤਕ, ਮਹਾਨ ਬੁੱਧੀਜੀਵੀ ਅਤੇ 30 ਕਿਤਾਬਾਂ ਦੇ ਰਚੇਤਾ ਪ੍ਰੋ. ਗੁਰਨਾਮ ਸਿੰਘ ਮੁਕਤਸਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਅਨੁਸੂਚਿਤ ਭਾਈਚਾਰੇ ਦੇ ਲੋਕਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਬੇਬਾਕੀ ਨਾਲ ਗੱਲ ਹੀ ਨਹੀਂ ਕੀਤੀ ਸਗੋਂ ਉਨ੍ਹਾਂ ਨੂੰ ਲਾਮਬੰਦ ਵੀ ਕੀਤਾ। ਪ੍ਰੋ. ਮੁਕਤਸਰ ਦੀ ਲਿਖਤ ਸਭ ਤੋਂ ਚਰਚਿਤ ਕਿਤਾਬ “ਭਾਰਤੀ ਲੋਕ ਨੀਚ ਕਿਵੇਂ ਬਣੇ” ਲੋਕਾਂ ਲਈ ਚਾਨਣ-ਮੁਨਾਰੇ ਵਾਂਗ ਸਿੱਧ ਹੋਈ ਸੀ, ਜਿਸ ਨੇ ਉਨ੍ਹਾਂ ਨੂੰ ਦੁਨੀਆ ਦੇ ਉਨ੍ਹਾਂ ਲੇਖਕਾਂ ’ਚ ਲਿਆ ਖੜ੍ਹਾ ਕੀਤਾ, ਜਿਹੜੇ ਸਮਾਜ ਨੂੰ ਸਮਰਪਿਤ ਹੋ ਕੇ ਸਿਰਫ ਅਣਗੌਲ਼ੇ ਸਮਾਜ ਦੇ ਹੱਕਾਂ ਲਈ ਹੀ ਲਿਖਦੇ ਹਨ। ਉਨ੍ਹਾਂ ਨੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਸਹੀ ਇਤਿਹਾਸ ਦੀ ਜਾਣਕਾਰੀ ਦਿੱਤੀ। ਵਹਿਮਾਂ-ਭਰਮਾਂ ’ਚੋਂ ਸਮਾਜ ਨੂੰ ਬਾਹਰ ਕੱਢਣ ਲਈ ਯਤਨ ਕੀਤੇ, ਗੁਰੂਆਂ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਅਣਥੱਕ ਮਿਹਨਤ ਕੀਤੀ। ਜਾਤ-ਪਾਤ ਨੂੰ ਬਣਾਉਣ ਵਾਲੇ ਲੋਕਾਂ ਦਾ ਪਰਦਾਫਾਸ਼ ‘ਭਾਰਤੀ ਲੋਕ ਨੀਚ ਕਿਵੇਂ ਬਣੇ’ ਕਿਤਾਬ ਲਿਖ ਕੇ ਕੀਤਾ । ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ‘ਭਾਰਤੀ ਲੋਕ ਨੀਚ ਕਿਵੇਂ ਬਣੇ’, ‘ਇਨਹੀ  ਕੋ ਮੈਂ  ਸਰਦਾਰ ਬਣਾਊਂ’, ‘ਖੌਲਦਾ ਮਹਾਸਾਗਰ’ ਅਤੇ ਹੋਰ ਅਨੇਕਾਂ ਇਤਿਹਾਸਕ ਕਿਤਾਬਾਂ ਗੁਰਨਾਮ ਸਿੰਘ ਮੁਕਤਸਰ ਨੇ ਸਮਾਜ ਨੂੰ ਦਿੱਤੀਆਂ ।

ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਅਤੇ ਪ੍ਰਸਾਰ ਸਾਰੀ ਦੁਨੀਆ  ’ਚ ਕੀਤਾ।  ਜਦੋਂ ਵੀ ਇਤਿਹਾਸ ਦੇ ਪੰਨੇ ਫਰੋਲੇ ਜਾਣਗੇ ਪ੍ਰੋ.  ਗੁਰਨਾਮ ਸਿੰਘ ਦਾ ਜ਼ਿਕਰ ਜ਼ਰੂਰ ਆਵੇਗਾ।
ਉਨ੍ਹਾਂ ਦੀ ਬੇਵਕਤੀ ਮੌਤ ਦੇ ਅਸਹਿ ਸਦਮੇ ਕਾਰਨ ਦੁਨੀਆ ਭਰ ’ਚ ਉਨ੍ਹਾਂ ਨੂੰ ਮਸੀਹੇ ਵਾਂਗ ਮੰਨਣ ਵਾਲ਼ਿਆਂ ’ਚ ਮਾਹੌਲ ਗ਼ਮਗੀਨ ਹੈ । ਇਟਲੀ ਦੀਆਂ ਸਮੂਹ ਗੁਰੂ ਰਵਿਦਾਸ ਮਹਾਰਾਜ ਜੀ ਸਭਾਵਾਂ ਵੱਲੋਂ ਇਸ ਦੁੱਖ ਦੀ ਘੜੀ ਮੌਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ ਇਟਲੀ ਦੇ ਸਮੂਹ ਮੈਂਬਰਾਨ ਨੇ ਪ੍ਰੋ. ਮੁਕਤਸਰ ਦੀ ਬੇਵਕਤੀ ਮੌਤ ਉੱਪਰ ਡੂੰਘਾ ਸੋਗ ਪ੍ਰਗਟ ਕਰਦਿਆਂ ਉਨ੍ਹਾਂ ਦੇ ਜਹਾਨੋਂ ਤੁਰ ਜਾਣ ਨੂੰ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ ਰਹਿੰਦੀ ਦੁਨੀਆ ਤੱਕ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਦੀਆਂ ਸਮਾਜ ਲਈ ਕੀਤੀਆਂ ਘਾਲਣਾਵਾਂ ਨੂੰ ਸਦਾ ਹੀ ਸਜਦਾ ਰਹੇਗਾ । ਅਜਿਹੀਆਂ ਹਸਤੀਆਂ ਦੁਨੀਆ ’ਚ ਸੂਰਜ ਵਾਂਗ ਹੁੰਦੀਆਂ ਹਨ, ਜਿਨ੍ਹਾਂ ਦਾ ਮਕਸਦ ਸਮੂਹ ਨੂੰ ਜਾਗਰੂਕ ਕਰਨਾ ਹੁੰਦਾ ਹੈ । ਮਰਹੂਮ ਪ੍ਰੋ. ਗੁਰਨਾਮ ਸਿੰਘ ਸਦਾ ਹੀ ਉਨ੍ਹਾਂ ਦੇ ਦਿਲਾਂ ’ਚ ਅਮਰ ਰਹਿਣਗੇ।
 

Manoj

This news is Content Editor Manoj