ਕਸ਼ਮੀਰ ਮੁੱਦੇ ''ਤੇ ਸਾਊਦੀ ਬੁਲਾਏਗਾ OIC ਬੈਠਕ, ਭਾਰਤ ਨਾਲ ਰਿਸ਼ਤਿਆਂ ''ਚ ਪੈ ਸਕਦੀ ਹੈ ਖਟਾਸ

12/29/2019 4:20:06 PM

ਰਿਆਦ- ਸਾਊਦੀ ਅਰਬ ਕਸ਼ਮੀਰ ਮੁੱਦੇ 'ਤੇ ਸਾਰੇ ਇਸਲਾਮਿਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਆਪ੍ਰੇਸ਼ਨ (ਓ.ਆਈ.ਸੀ.) ਬੈਠਕ ਦਾ ਆਯੋਜਨ ਕਰਨ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਨਾਲ ਖਾੜੀ ਦੇਸ਼ ਤੇ ਭਾਰਤ ਦੇ ਰਿਸਤਿਆਂ ਵਿਚਾਲੇ ਖਟਾਸ ਪੈਦਾ ਹੋ ਸਕਦੀ ਹੈ।

ਟਾਈਮਸ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਹਾਲ ਹੀ ਵਿਚ ਮਲੇਸ਼ੀਆ ਵਿਚ ਵੀ ਇਸੇ ਤਰ੍ਹਾਂ ਦੇ ਇਕ ਇਸਲਾਮਿਕ ਸਿਖਰ ਸੰਮੇਲਨ ਦਾ ਆਯੋਜਨ ਕੀਤਾ ਜਾਣਾ ਸੀ, ਜਿਸ ਵਿਚ ਪਾਕਿਸਤਾਨ ਵੀ ਸ਼ਾਮਲ ਹੋਣ ਵਾਲਾ ਸੀ। ਪਰ ਸਾਊਦੀ ਅਰਬ ਵਲੋਂ ਪਾਕਿਸਤਾਨ ਨੂੰ ਮਨਾ ਕੀਤੇ ਜਾਣ ਤੋਂ ਬਾਅਦ ਉਸ ਨੇ ਇਸ ਸੰਮੇਲਨ ਤੋਂ ਖੁਦ ਨੂੰ ਬਾਹਰ ਕਰ ਦਿੱਤਾ ਸੀ। ਇਸ ਲਈ ਮੰਨਿਆ ਦਾ ਰਿਹਾ ਹੈ ਕਿ ਰਿਆਦ ਦਾ ਕਸ਼ਮੀਰ ਮੁੱਦੇ 'ਤੇ ਬੈਠਕ ਕਰਨ ਦਾ ਫੈਸਲਾ ਇਸਲਾਮਾਬਾਦ ਨੂੰ ਆਪਣੇ ਵੱਲ ਰੱਖਣ ਦੇ ਲਈ ਕਦਮ ਹੈ।

ਪਾਕਿਸਤਾਨ ਨੂੰ ਕਿੰਗਡਮ ਵਲੋਂ ਇਸ ਮੁੱਦੇ 'ਤੇ ਬੈਠਕ ਦੀ ਜਾਣਕਾਰੀ ਸਾਊਦੀ ਸਰਕਾਰ ਦੇ ਵਿਦੇਸ਼ ਮੰਤਰੀ ਫੈਸਲ ਬਿਨ ਫਰਹਾਨ ਅਲ-ਸਾਊਦ ਦੇ ਇਸ ਹਫਤੇ ਇਸਲਾਮਾਬਾਦ ਦੀ ਯਾਤਰਾ ਦੌਰਾਨ ਦਿੱਤੀ ਗਈ ਸੀ। ਅਸਲ ਵਿਚ ਕੁਆਲਾਲੰਪੁਰ ਵਿਚ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਡਾਕਟਰ ਮਹਾਤਿਰ ਮੁਹੰਮਦ ਦੀ ਪ੍ਰਧਾਨਗੀ ਵਿਚ ਇਸਲਾਮਿਕ ਮੁੱਦਿਆਂ 'ਤੇ ਬੈਠਕ ਤੋਂ ਬਾਹਰ ਨਿਕਲਣ ਦੇ ਲਈ ਸਾਊਦੀ ਅਰਬ ਵਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਜਬੂਰ ਕੀਤਾ ਗਿਆ ਸੀ। ਸਾਊਦੀ ਦੇ ਲਈ ਚਿੰਤਾ ਦੀ ਗੱਲ ਇਹ ਵੀ ਸੀ ਕਿ ਇਸ ਸੰਮੇਲਨ ਵਿਚ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਵੀ ਹਿੱਸਾ ਲੈਣ ਵਾਲੇ ਸਨ, ਜਿਸ ਨੂੰ ਸਾਊਦੀ ਦੇ ਲਈ ਇਕ ਖਤਰੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਸੀ। ਇਸ ਲਈ ਇਹ ਕਦਮ ਪਾਕਿਸਤਾਨ ਨੂੰ ਰਿਆਇਤ ਦੇਣ ਦੇ ਲਈ ਚੁੱਕਿਆ ਜਾ ਰਿਹਾ ਹੈ। 

ਫਿਲਹਾਲ ਓ.ਆਈ.ਸੀ. ਬੈਠਕ ਦੀਆਂ ਤਰੀਕਾਂ ਨੂੰ ਤੈਅ ਕੀਤਾ ਜਾ ਰਿਹਾ ਹੈ। ਸਾਊਦੀ ਅਰਬ ਦੀ ਬੈਠਕ ਆਯੋਜਿਤ ਕਰਨ ਦੇ ਲਈ ਸਹਿਮਤ ਹੋਣ ਨੂੰ ਰਿਆਦ ਤੇ ਨਵੀਂ ਦਿੱਲੀ ਦੇ ਰਿਸ਼ਤੇ ਵਿਚ ਨਾਕਾਰਾਤਮਕ ਰੂਪ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਵਿਚ ਭਾਰਤ ਤੇ ਸਾਊਦੀ ਅਰਬ ਦੇ ਵਿਚਾਲੇ ਰਣਨੀਤਿਕ ਸਾਂਝੇਦਾਰੀ ਬਹੁਤ ਵਧੀ ਹੈ। ਉਥੇ ਹੀ ਪਾਕਿਸਤਾਨ ਨੂੰ ਲੱਗ ਰਿਹਾ ਸੀ ਕਿ ਕਸ਼ਮੀਰ ਮੁੱਦੇ 'ਤੇ ਉਸ ਨੂੰ ਕਿਸੇ ਇਸਲਾਮਿਕ ਦੇਸ਼ ਦਾ ਸਮਰਥਨ ਨਹੀਂ ਮਿਲ ਰਿਹਾ ਸੀ ਪਰ ਹੁਣ ਇਸ ਬੈਠਕ ਨੂੰ ਇਕ ਸਮਰਥਨ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।

Baljit Singh

This news is Content Editor Baljit Singh