ਅਮਰੀਕਾ ''ਚ ਹੋਈ ਸੀ ਦੋ ਵਿਦੇਸ਼ੀ ਭੈਣਾਂ ਦੀ ਮੌਤ, ਹੁਣ ਸੁਲਝੀ ਗੁੱਥੀ

01/23/2019 2:48:48 PM

ਨਿਊਯਾਰਕ(ਭਾਸ਼ਾ)— ਪਿਛਲੇ ਸਾਲ ਨਿਊਯਾਰਕ 'ਚ ਨਦੀ ਦੇ ਕਿਨਾਰੇ ਸਾਊਦੀ ਅਰਬ ਦੀਆਂ ਦੋ ਕੁੜੀਆਂ ਦੀਆਂ ਲਾਸ਼ਾਂ ਮਿਲੀਆਂ ਸਨ, ਜਿਨ੍ਹਾਂ ਦੀ ਮੌਤ ਸਬੰਧੀ ਖੁਲ੍ਹਾਸਾ ਹੋਇਆ ਹੈ ਕਿ ਉਨ੍ਹਾਂ ਨੇ ਆਤਮ-ਹੱਤਿਆ ਕੀਤੀ ਸੀ। ਇਨ੍ਹਾਂ ਦੋਹਾਂ ਭੈਣਾਂ ਨੇ ਆਪਣੇ-ਆਪ ਨੂੰ ਟੇਪ ਨਾਲ ਅੱਡੀਆਂ ਅਤੇ ਕਮਰ ਤੋਂ ਬੰਨ੍ਹ ਲਿਆ ਸੀ। ਸ਼ਹਿਰ ਦੇ ਮਾਹਿਰ ਡਾਕਟਰਾਂ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਰੋਤਾਨਾ ਫਾਰਿਆ (22) ਅਤੇ ਉਸ ਦੀ ਭੈਣ ਤਾਲਾ(16) ਦੀਆਂ ਲਾਸ਼ਾਂ ਅਕਤੂਬਰ 'ਚ ਹਡਸਨ ਨਦੀ ਦੇ ਕਿਨਾਰੇ ਮਿਲੀਆਂ ਸਨ। ਉਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਨਹੀਂ ਸਨ ਅਤੇ ਇਸੇ ਕਾਰਨ ਸਾਰੀ ਗੁੱਥੀ ਉਲਝੀ ਹੋਈ ਸੀ।


ਮਾਹਿਰਾਂ ਨੇ ਦੱਸਿਆ,''ਦਫਤਰ ਇਹ ਪੁਸ਼ਟੀ ਕਰਦਾ ਹੈ ਕਿ ਦੋਹਾਂ ਭੈਣਾਂ ਨੇ ਅਮਰੀਕਾ 'ਚ ਸ਼ਰਣ ਲੈਣ ਲਈ ਅਰਜ਼ੀ ਦਿੱਤੀ ਸੀ। ਵਾਸ਼ਿੰਗਟਨ 'ਚ ਸਾਊਦੀ ਅਰਬ ਦੇ ਦੂਤਘਰ ਦੀ ਬੁਲਾਰਾ ਫਾਤਿਮਾ ਨੇ ਦੱਸਿਆ,''ਇਹ ਖਬਰਾਂ ਸਹੀ ਨਹੀਂ ਹਨ ਕਿ ਅਸੀਂ ਸਾਊਦੀ ਅਰਬ ਦੀਆਂ ਭੈਣਾਂ ਤਾਲਾ ਅਤੇ ਰੋਤਾਨਾ ਫਾਰਿਆ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਸ਼ਰਣ ਮੰਗਣ ਦੇ ਕਾਰਨ ਤੋਂ ਅਮਰੀਕਾ ਛੱਡਣ ਲਈ ਕਿਹਾ ਸੀ। ਇਹ ਦੋਵੇਂ ਭੈਣਾਂ ਵਰਜੀਨੀਆ 'ਚ ਆਪਣੇ ਪਰਿਵਾਰ ਦੇ ਘਰ 'ਚੋਂ ਕਈ ਵਾਰ ਭੱਜ ਚੁੱਕੀਆਂ ਸਨ। ਉਹ ਸਾਲ 2017 ਤੋਂ ਆਪਣੇ ਪਰਿਵਾਰ ਨਾਲ ਨਹੀਂ ਰਹਿ ਰਹੀਆਂ ਸਨ। ਉਹ ਇਕ ਸ਼ਰਣਾਰਥੀ ਘਰ 'ਚ ਰਹਿ ਰਹੀਆਂ ਸਨ ਪਰ ਉਨ੍ਹਾਂ ਨੇ ਅਗਸਤ 'ਚ ਵਰਜੀਨੀਆ ਛੱਡ ਦਿੱਤਾ ਸੀ ਅਤੇ ਨਿਊਯਾਰਕ ਚਲੀਆਂ ਗਈਆਂ ਸਨ।'' ਅਮਰੀਕੀ ਮੀਡੀਆ ਨੇ ਪੁਲਸ ਨੂੰ ਇਹ ਕਹਿੰਦੇ ਹੋਏ ਦੱਸਿਆ ਕਿ ਦੋਵਾਂ ਭੈਣਾਂ ਨੇ ਸੰਕੇਤ ਦਿੱਤਾ ਸੀ ਕਿ ਸਾਊਦੀ ਅਰਬ ਵਾਪਸ ਜਾਣ ਦੀ ਥਾਂ ਉਹ ਖੁਦ ਨੂੰ ਨੁਕਸਾਨ ਪਹੁੰਚਾ ਲੈਣਗੀਆਂ।