ਸਾਊਦੀ ''ਚ ਵੱਡਾ ਫੇਰਬਦਲ, ਪਹਿਲੀ ਵਾਰ ਮਹਿਲਾ ਨੂੰ ਬਣਾਇਆ ਉਪ ਮੰਤਰੀ

02/27/2018 12:05:18 PM

ਰਿਆਦ(ਬਿਊਰੋ)— ਸਾਊਦੀ ਅਰਬ ਵਿਚ ਸ਼ਾਹ ਸਲਮਾਨ ਨੇ ਸੋਮਵਾਰ ਨੂੰ ਟੋਪ ਫੌਜੀ ਅਫਸਰਾਂ ਅਤੇ ਕਈ ਉਪ ਮੰਤਰੀਆਂ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਨੌਜਵਾਨ ਅਧਿਕਾਰੀਆਂ ਨੂੰ ਅਹਿਮ ਆਰਥਿਕ ਅਤੇ ਰੱਖਿਆ ਖੇਤਰਾਂ ਦੀ ਜ਼ਿੰਮੇਦਾਰੀ ਸੌਂਪੀ ਹੈ। ਸਰਕਾਰੀ ਮੀਡੀਆ ਵਿਚ ਛਪੇ ਸ਼ਾਹੀ ਫਰਮਾਨ ਮੁਤਾਬਕ, 'ਸਾਊਦੀ ਫੌਜ ਦੇ ਚੀਫ ਆਫ ਸਟਾਫ ਸੇਵਾ ਮੁਕਤ ਹੋ ਗਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਫਰਸਟ ਲੈਫਟੀਨੈਂਟ ਜਨਰਲ ਫੈਯਾਦ ਬਿਨ ਹਾਮਿਦ ਅਲ ਰੁਵਾਇਲੀ ਨੂੰ ਇਹ ਜ਼ਿੰਮੇਦਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਦੇਸ਼ ਦੀ ਹਵਾਈ ਫੌਜ ਅਤੇ ਥਲ ਸੈਨਾ ਵਿਚ ਵੀ ਨਵੇਂ ਮੁਖੀ ਨਿਯੁਕਤ ਕੀਤੇ ਗਏ ਹਨ।'
ਇਸ ਫਰਮਾਨ ਮੁਤਾਬਕ ਆਰਥਿਕ ਅਤੇ ਰੱਖਿਆ ਮਾਮਲਿਆਂ ਨਾਲ ਜੁੜੇ ਵੱਖ-ਵੱਖ ਮੰਤਰਾਲਿਆਂ ਵਿਚ ਕਈ ਨਵੇਂ ਡਿਪਟੀ ਮੰਤਰੀ ਅਤੇ ਨਵੇਂ ਸਿਟੀ ਮੇਅਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਵਿਚ ਸਭ ਤੋਂ ਖਾਸ ਤੱਮਦੁਰ ਬਿੰਤ ਯੋਸੇਫ ਅਲ ਰਾਮਾਹ ਦੀ ਡਿਪਟੀ ਲੇਬਰ ਮੰਤਰੀ ਦੇ ਅਹੁਦੇ 'ਤੇ ਨਿਯੁਕਤੀ ਹੈ। ਆਮ ਤੌਰ 'ਤੇ ਰੂੜ੍ਹੀਵਾਦੀ ਮੰਨੇ ਜਾਣ ਵਾਲੇ ਸਾਊਦੀ ਵਿਚ ਕਿਸੇ ਮਹਿਲਾ ਦੀ ਇਸ ਪੱਧਰ 'ਤੇ ਪਹਿਲੀ ਵਾਰ ਨਿਯੁਕਤੀ ਹੈ।
ਇਸ ਦੇ ਨਾਲ ਹੀ ਸ਼ਾਹੀ ਫਰਮਾਨ ਵਿਚ ਇਹ ਵੀ ਦੱਸਿਆ ਗਿਆ ਕਿ ਸ਼ਾਹ ਸਲਮਾਨ ਦੇ ਭਰਾਵਾਂ ਪ੍ਰਿੰਸ ਅਹਿਮਦ, ਤਲਾਲ ਅਤੇ ਮੁਕਰੀਨ ਦੇ ਵਾਰਿਸਾਂ ਵਿਚੋਂ 3 ਨੂੰ ਡਿਪਟੀ ਗਵਰਨਰ ਨਿਯੁਕਤ ਕੀਤਾ ਹੈ। ਦੱਸ ਦਈਏ ਕਿ 2015 ਵਿਚ ਸ਼ਾਹ ਸਲਮਾਨ ਨੂੰ ਗੱਦੀ ਮਿਲਣ ਤੋਂ ਬਾਅਦ ਇਨ੍ਹਾਂ ਵਿਚੋਂ ਕਈ ਖੁਦ ਨੂੰ ਅਣਗੌਲਿਆਂ ਮਹਿਸੂਸ ਕਰ ਰਹੇ ਸਨ। ਇਨ੍ਹਾਂ ਵਿਚ ਅਸਿਰ ਸੂਬੇ ਦੇ ਨਵੇਂ ਡਿਪਟੀ ਗਵਰਨਰ ਤੁਰਕੀ ਬਿਨ ਤਲਾਲ ਵੀ ਸ਼ਾਮਲ ਹਨ। ਉਹ ਪ੍ਰਿੰਸ ਅਲਵਲੀਦ ਬਿਨ ਤਲਾਲ ਦੇ ਭਰਾ ਹਨ, ਜਿਨ੍ਹਾਂ ਨੂੰ ਸਰਕਾਰੀ ਦੀ 'ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ' ਤਹਿਤ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਪਿਛਲੇ ਮਹੀਨੇ ਹੀ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਹੈ। ਦਰਅਸਲ ਸਾਊਦੀ ਅਰਬ ਵਿਚ 32 ਸਾਲਾ ਮੁਹੰਮਦ ਬਿਨ ਸਲਮਾਨ ਦੇ ਨਾਇਆਬ ਸ਼ਹਿਜਾਦੇ ਬਣਨ ਦੇ ਬਾਅਦ ਤੋਂ ਹੀ ਉਥੇ ਕਈ ਸੁਧਾਰ ਦੇਖਣ ਨੂੰ ਮਿਲੇ ਹਨ। ਉਥੇ ਔਰਤਾਂ 'ਤੇ ਲੱਗੀਆਂ ਕਈ ਪਾਬੰਦੀਆਂ ਹੱਟਣ ਤੋਂ ਬਾਅਦ ਹੁਣ ਇਕ ਔਰਤ ਨੂੰ ਮੰਤਰੀ ਬਣਾਇਆ ਜਾਣਾ ਬਹੁਤ ਅਹਿਮ ਕਦਮ ਮੰਨਿਆ ਜਾ ਰਿਹਾ ਹੈ।