ਆਸਟ੍ਰੇਲੀਆ : ਗਾਇਕ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

02/26/2021 2:33:27 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ):  ਪੰਜਾਬੀ ਗਾਇਕੀ ਦੇ ਸੁਰਾਂ ਦੇ ਸਿਕੰਦਰ ਤੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪਿਛਲੇ ਚਾਰ ਦਹਾਕਿਆਂ ਤੋਂ ਵੱਧ ਪੰਜਾਬੀਅਤ ਦੀ ਸੇਵਾ ਕਰ ਰਹੇ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ ਤੋਂ ਬਾਅਦ ਦੁਨੀਆ ਭਰ ਵਿੱਚ ਵਸਦੇ ਪੰਜਾਬੀਆ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੂਬਾ ਕੁਈਨਜ਼ਲੈਂਡ ਤੋਂ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ, ਇੰਡੋਜ਼ ਟੀਵੀ, ਕਮਿਊਨਿਟੀ ਰੇਡੀਓ ਫੋਰ ਈਬੀ ਦੇ ਪੰਜਾਬੀ ਭਾਸ਼ਾ ਗਰੁੱਪ ਅਤੇ ਉਸਾਰੂ ਪੰਜਾਬੀ ਗੀਤ ਤੇ ਸੰਗੀਤ ਨੂੰ ਪਿਆਰ ਕਰਨ ਵਾਲਿਆਂ ਵਲੋਂ ਪੰਜਾਬੀ ਗਾਇਕੀ ਦੇ ਇਸ ਅਨਮੋਲ ਰਤਨ ਦੀ ਦੁੱਖਦਾਇਕ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਮਰਹੂਮ ਗਾਇਕ ਹਮੇਸ਼ਾ ਸਾਡੇ ਚੇਤਿਆਂ ਵਿੱਚ ਵਸਦਾ ਰਹੇਗਾ। 

ਇਸ ਮੌਕੇ 'ਤੇ ਲੇਖਕ ਸਭਾ ਦੇ ਪ੍ਰਧਾਨ ਜਸਵੰਤ ਵਾਗਲਾ ਤੇ ਕਵੀ ਅਤੇ ਗੀਤਕਾਰ ਸੁਰਜੀਤ ਸੰਧੂ ਨੇ ਕਿਹਾ ਕਿ ਮਰਹੂਮ ਗਾਇਕ ਵੱਲੋਂ ਆਪਣੀ ਕਲਾਂ ਰਾਹੀਂ ਕੀਤੀ ਗਈ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪ੍ਰੈੱਸ ਕਲੱਬ ਤੋਂ ਪ੍ਰਧਾਨ ਦਲਜੀਤ ਸਿੰਘ ਤੇ ਜਗਜੀਤ ਖੋਸਾ ਨੇ ਕਿਹਾ ਕਿ ਪੰਜਾਬੀ ਗਾਇਕੀ ਦੇ ਥੰਮ ਸਰਦੂਲ ਸਿਕੰਦਰ ਦੇ ਇਸ ਫ਼ਾਨੀ ਦੁਨੀਆਂ ਤੋਂ ਤੁਰ ਜਾਣ ਨਾਲ ਪੰਜਾਬੀ ਮਾਂ ਬੋਲੀ, ਸੱਭਿਆਚਾਰ ਅਤੇ ਕਲਾਕਾਰ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬੀ ਭਾਸ਼ਾ ਗਰੁੱਪ ਦੇ ਰੇਡੀਓ ਕਨਵੀਨਰ ਹਰਜੀਤ ਲਸਾੜਾ ਨੇ ਸਰਕਾਰ ਵੱਲੋਂ ਮਰਹੂਮ ਦੇ ਇਲਾਜ ਲਈ ਦਿੱਤੀ ਵਿੱਤੀ ਸਹਾਇਤਾ ਦੀ ਹਮਾਇਤ ਕੀਤੀ।

ਪੜ੍ਹੋ ਇਹ ਅਹਿਮ ਖਬਰ - ਕੈਨੇਡਾ : ਸੁਰੱਖਿਆ ਨੂੰ ਲੈ ਕੇ ਭਾਰਤੀ ਭਾਈਚਾਰੇ ਵੱਲੋਂ ਜਗਮੀਤ ਸਿੰਘ ਦੇ ਦਫਤਰ ਬਾਹਰ ਪ੍ਰਦਰਸ਼ਨ

ਉਹਨਾਂ ਕਿਹਾ ਕਿ ਆਉਂਦੇ ਸ਼ਨਿਚਰਵਾਰ ਪੰਜਾਬੀ ਭਾਸ਼ਾ ਗਰੁੱਪ ਮਰਹੂਮ ਨੂੰ ਸਮਰਪਿਤ ਵਿਸ਼ੇਸ਼ ਰੇਡੀਓ ਪ੍ਰੋਗਰਾਮ ਰਾਹੀਂ ਸ਼ਰਧਾਂਜਲੀ ਭੇਂਟ ਕਰੇਗਾ। ਪ੍ਰਮੋਟਰ ਰੌਕੀ ਭੁੱਲਰ, ਹਰਪ੍ਰੀਤ ਸਿੰਘ ਕੋਹਲੀ, ਕਮਰ ਬੱਲ, ਗੀਤਕਾਰ ਗੁਰਮੁੱਖ ਸਿੰਘ ਅਤੇ ਗਾਇਕ ਹੈਪੀ ਬਣਵੈਤ, ਮਲਕੀਤ ਧਾਲੀਵਾਲ, ਪ੍ਰੀਤ ਸਿਆਂ, ਜ਼ੈਜਦੀਪ, ਅਵੀ ਬਾਜਵਾ, ਮਨਮੀਤ ਬੈਂਸ, ਰਾਜਦੀਪ ਲਾਲੀ ਸਮੇਤ ਹੋਰ ਵੀ ਸਮਾਜਿਕ, ਧਾਰਮਿਕ ਤੇ ਸਾਹਿਤਕ ਸੰਸਥਾਵਾਂ ਵੱਲੋਂ ਸੁਰਾਂ ਦੇ ਬਾਦਸ਼ਾਹ ਦੇ ਇਸ ਜਹਾਨੋਂ ਰੁਖ਼ਸਤ ਹੋਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਰਦੂਲ ਸਿਕੰਦਰ ਆਪਣੇ ਪਿੱਛੇ ਆਪਣੀ ਪਤਨੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ, ਦੋ ਪੁੱਤਰ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਨੂੰ ਛੱਡ ਗਏ ਹਨ।

Vandana

This news is Content Editor Vandana