ਕੈਨੇਡਾ ''ਚ ਰਹਿੰਦੀ 111 ਸਾਲਾ ਬੇਬੇ ਦਾ ਹੋਇਆ ਦਿਹਾਂਤ

12/18/2017 11:20:45 AM

ਮਨੀਟੋਬਾ (ਏਜੰਸੀ)— ਕੈਨੇਡਾ ਦੇ ਸੂਬੇ ਮਨੀਟੋਬਾ 'ਚ ਰਹਿਣ ਵਾਲੀ 111 ਸਾਲਾ ਬਜ਼ੁਰਗ ਔਰਤ ਦਾ ਦਿਹਾਂਤ ਹੋ ਗਿਆ ਹੈ। ਸੇਰਾਹ ਹਾਰਪਰ ਨਾਂ ਦੀ ਬਜ਼ੁਰਗ ਔਰਤ ਦਾ ਦਿਹਾਂਤ ਬੀਤੇ ਸ਼ਨੀਵਾਰ ਦੀ ਰਾਤ ਨੂੰ ਹੋਇਆ। ਸੇਰਾਹ ਨੇ ਬੀਤੀ ਅਗਸਤ ਨੂੰ 111ਵਾਂ ਜਨਮ ਦਿਨ ਮਨਾਇਆ ਸੀ। ਸੇਰਾਹ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਉੱਤਰੀ ਮਨੀਟੋਬਾ ਦੇ ਆਕਸਫੋਰਡ ਹਾਊਸ 'ਚ ਬਿਤਾਇਆ ਸੀ। ਆਕਸਫੋਰਡ ਹਾਊਸ ਫਰਸਟ ਨੈਸ਼ਨਸ ਕਰੀ ਕਮਿਊਨਿਟੀ ਹੈ, ਜੋ ਕਿ ਵਿਨੀਪੈਗ ਤੋਂ 570 ਕਿਲੋਮੀਟਰ ਉੱਤਰ-ਪੂਰਬ ਵੱਲ ਹੈ। ਆਕਸਫੋਰਡ ਹਾਊਸ ਨੂੰ ਬਨਬੋਨਿਬੀ ਕਰੀ ਨੈਸ਼ਨਸ ਵੀ ਕਿਹਾ ਜਾਂਦਾ ਹੈ। ਸੇਰਾਹ ਦਾ ਜਨਮ 1906 'ਚ ਹੋਇਆ ਸੀ। 
ਬਨਬੋਨਿਬੀ ਕਰੀ ਨੈਸ਼ਨਸ ਦੇ ਮੁਖੀ ਟਿਮ ਮਾਸਕੇਗੋ ਨੇ ਕਿਹਾ ਕਿ ਸੇਰਾਹ ਦੀ ਸ਼ੁਰੂਆਤੀ ਜ਼ਿੰਦਗੀ ਬਹੁਤ ਮੁਸ਼ਕਲਾਂ ਭਰੀ ਸੀ, ਕਿਉਂਕਿ ਸਾਡੇ ਖੇਤਰ 'ਚ ਲੋਕ ਬਿਖਰੇ ਹੋਏ ਸਨ ਅਤੇ ਉਨ੍ਹਾਂ 'ਚ ਏਕਤਾ ਨਹੀਂ ਸੀ। ਟਿਮ ਨੇ ਦੱਸਿਆ ਕਿ ਇਸ ਦੇ ਬਾਵਜੂਦ ਸੇਰਾਹ ਦੇ ਚਿਹਰੇ 'ਤੇ ਮੁਸਕਾਨ ਸੀ ਅਤੇ ਉਹ ਹਰ ਕੰਮ 'ਚ ਐਕਟਿਵ ਸੀ। ਸੇਰਾਹ ਦੇ 6 ਬੱਚੇ ਹਨ ਅਤੇ ਉਹ ਦਾਦੀ ਅਤੇ ਪੜਦਾਦੀ ਵੀ ਸੀ। ਟਿਮ ਨੇ ਅੱਗੇ ਦੱਸਿਆ ਕਿ ਆਪਣੇ ਆਖਰੀ ਸਮੇਂ 'ਚ ਸੇਰਾਹ ਸਾਡੇ ਨਾਲ ਕਈ ਗੱਲਾਂ ਸਾਂਝੀਆਂ ਕਰਦੀ ਰਹੀ। ਉਹ ਆਪਣੇ ਬੀਤੇ ਕੱਲ ਨੂੰ ਯਾਦ ਕਰਦੀ। ਉਨ੍ਹਾਂ ਦੱਸਿਆ ਕਿ ਸੇਰਾਹ ਇਕ ਅਜਿਹੀ ਔਰਤ 'ਚ ਜਿਸ 'ਚ ਦਇਆ ਦੀ ਭਾਵਨਾ ਸੀ, ਜੋ ਕਿ ਕਮਿਊਨਿਟੀ ਅਤੇ ਆਪਣੇ ਪਰਿਵਾਰ ਪ੍ਰਤੀ ਸੀ। ਅਸੀਂ ਉਸ ਨੂੰ ਹਮੇਸ਼ਾ ਯਾਦ ਰੱਖਾਂਗੇ, ਅਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ। ਸੇਰਾਹ ਕੈਨੇਡਾ 'ਚ ਰਹਿਣ ਵਾਲੀ ਸਭ ਤੋਂ ਬਜ਼ੁਰਗ ਔਰਤ ਹੋ ਸਕਦੀ ਹੈ।