ਸਾਊਦੀ ਅਰਬ ਨੇ ਕੰਦੀਲ ਬਲੋਚ ਦੇ ਕਾਤਲ ਭਰਾ ਨੂੰ ਕੀਤਾ ਪਾਕਿ ਹਵਾਲੇ

01/03/2020 3:47:52 PM

ਇਸਲਾਮਾਬਾਦ- ਸਾਊਦੀ ਅਰਬ ਨੇ ਸੋਸ਼ਲ ਮੀਡੀਆ ਸੈਲੇਬ੍ਰਿਟੀ ਕੰਦੀਲ ਬਲੋਚ ਦੇ ਕਤਲ ਮਾਮਲੇ ਵਿਚ ਲੋੜੀਂਦੇ ਉਸ ਦੇ ਭਰਾ ਨੂੰ ਪਾਕਿਸਤਾਨ ਹਵਾਲੇ ਕਰ ਦਿੱਤਾ ਹੈ। ਮੀਡੀਆ ਵਿਚ ਆਈ ਖਬਰ ਮੁਤਾਬਕ ਦੋਸ਼ੀ ਨੂੰ ਕੁਝ ਦਿਨ ਪਹਿਲਾਂ ਹੀ ਖਾੜੀ ਦੇਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਜਿਓ ਨਿਊਜ਼ ਨੇ ਦੱਸਿਆ ਕਿ ਕੰਦੀਲ ਬਲੋਚ ਉਰਫ ਫੌਜੀਆ ਅਜ਼ੀਮ ਦੀ ਉਸ ਦੇ ਭਰੇ ਵਸੀਮ ਖਾਨ ਨੇ ਪੰਜਾਬ ਸੂਬੇ ਦੇ ਮੁਲਤਾਨ ਸਥਿਤ ਘਰ ਵਿਚ 15 ਜੁਲਾਈ 2016 ਨੂੰ ਹੱਤਿਆ ਕਰ ਦਿੱਤੀ ਸੀ। ਇਸ ਸਨਸਨੀਖੇਜ਼ ਹੱਤਿਆ ਨਾਲ ਪਾਕਿਸਤਾਨ ਵਿਚ ਆਨਰ ਕਿਲਿੰਗ ਨੂੰ ਲੈ ਕੇ ਬਹਿਸ ਛਿੜ ਗਈ ਸੀ। ਵਸੀਮ ਨੇ ਆਪਣੀ 26 ਸਾਲਾ ਭੈਣ ਦੇ ਕਤਲ ਦਾ ਦੋਸ਼ ਸਵਿਕਾਰ ਕਰ ਲਿਆ ਸੀ। ਉਸ ਨੇ ਕਿਹਾ ਸੀ ਕਿ ਕੰਦੀਲ ਦੇ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਵੀਡੀਓ ਤੇ ਬਿਆਨਾਂ ਨਾਲ ਪਰਿਵਾਰ ਦੇ ਸਨਮਾਨ ਨੂੰ ਠੇਸ ਲੱਗੀ ਸੀ। ਜਿਓ ਮੁਤਾਬਕ ਸਾਊਦੀ ਅਰਬ ਸਥਿਤ ਇੰਟਰਨੈਸ਼ਨਲ ਪੁਲਸ ਆਰਗੇਨਾਈਜ਼ੇਸ਼ਨ (ਇੰਟਰਪੋਲ) ਨੇ ਕੰਦੀਲ ਦੀ ਹੱਤਿਆ ਦੇ ਸ਼ੱਕੀ ਉਸ ਦੇ ਇਕ ਹੋਰ ਭਰਾ ਮੁਜ਼ੱਫਰ ਇਕਬਾਲ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਸੀ।

ਪਾਕਿਸਤਾਨ ਸਰਕਾਰ ਨੇ ਸਾਲ 2016 ਵਿਚ ਸਾਊਦੀ ਅਰਬ ਤੋਂ ਇਕਬਾਲ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਸੀ ਕਿਉਂਕਿ ਉਹ ਉਸ ਵੇਲੇ ਉਥੇ ਰਹਿ ਰਿਹਾ ਸੀ। ਇਕਬਾਲ ਕੰਦੀਲ ਦੇ ਕਤਲ ਦੇ ਲਈ ਉਕਸਾਉਣ ਤੇ ਇਸ ਵਿਚ ਮਦਦ ਦਾ ਦੋਸ਼ੀ ਹੈ। ਕੰਦੀਲ ਦੀ ਹੱਤਿਆ ਤੋਂ ਬਾਅਦ ਉਸ ਦੇ ਪਿਤਾ ਮੁਹੰਮਦ ਅਜ਼ੀਮ ਬਲੋਚ ਨੇ ਆਪਣੇ ਦੋਵਾਂ ਬੇਟਿਆਂ ਤੇ ਉਸ ਦੇ ਸਹਿਯੋਗੀ ਹੱਕ ਨਵਾਜ਼ ਤੇ ਹੋਰਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਵਾਇਆ ਸੀ।

Baljit Singh

This news is Content Editor Baljit Singh