ਦੋ ਪ੍ਰਵਾਸੀਆਂ ਦੀ ਮੌਤ ਤੋਂ ਬਾਅਦ ਜਾਗੀ ਆਸਟ੍ਰੇਲੀਆਈ ਸਰਕਾਰ, ਬੀਚ ''ਤੇ ਹੋਵੇਗੀ ਸਖਤ ਸੁਰੱਖਿਆ

12/20/2017 10:40:49 AM

ਦੱਖਣੀ ਆਸਟ੍ਰੇਲੀਆ (ਏਜੰਸੀ)— ਦੱਖਣੀ ਆਸਟ੍ਰੇਲੀਆ ਦੇ ਐਡੀਲੇਡ 'ਚ ਗਲੇਨਲਗ ਬੀਚ 'ਤੇ ਇਕ ਹੋਰ ਪ੍ਰਵਾਸੀ ਨਾਬਾਲਗ ਲੜਕੇ ਦੀ ਮੌਤ ਤੋਂ ਬਾਅਦ ਆਸਟ੍ਰੇਲੀਆ ਦੀ ਸਰਕਾਰ ਜਾਗੀ ਹੈ। ਸਰਕਾਰ ਦਾ ਕਹਿਣਾ ਹੈ ਕਿ ਬੀਚ 'ਤੇ ਸਖਤ ਸੁਰੱਖਿਆ ਹੋਵੇਗੀ। ਬੀਚ 'ਤੇ ਆਉਣ ਵਾਲੇ ਪ੍ਰਵਾਸੀ ਅਤੇ ਵਿਦੇਸ਼ੀ ਸੈਲਾਨੀਆਂ ਲਈ ਪਾਣੀ 'ਚ ਸੁਰੱਖਿਆ ਦੀ ਸਮੀਖਿਆ ਕੀਤੀ ਜਾਵੇਗੀ। 
ਦੱਸਣਯੋਗ ਹੈ ਕਿ ਏਲੀਅਸ ਨਿਮਬੋਨਾ ਨਾਂ ਦੇ 15 ਸਾਲਾ ਅਫਰੀਕੀ ਮੁੰਡੇ ਦੀ ਡੁੱਬਣ ਕਰ ਕੇ ਮੌਤ ਹੋ ਗਈ। ਏਲੀਅਸ ਆਪਣੇ ਮਾਤਾ-ਪਿਤਾ ਨਾਲ 10 ਸਾਲ ਪਹਿਲਾਂ ਪੂਰਬੀ ਅਫਰੀਕੀ ਰਾਸ਼ਟਰ ਬਰੂੰਡੀ ਤੋਂ ਆਸਟ੍ਰੇਲੀਆ ਆਇਆ ਸੀ। ਸੋਮਵਾਰ ਦੀ ਸ਼ਾਮ ਨੂੰ ਤਕਰੀਬਨ 4.30 ਵਜੇ ਬਚਾਅ ਟੀਮ ਦੇ ਅਧਿਕਾਰੀਆਂ ਨੇ ਉਸ ਨੂੰ ਬੀਚ 'ਚੋਂ ਬੇਹੋਸ਼ੀ ਦੀ ਹਾਲਤ ਵਿਚ ਬਾਹਰ ਕੱਢਿਆ ਸੀ। ਉਹ ਆਪਣੇ ਦੋਸਤ ਦੇ ਜਨਮ ਦਿਨ ਦਾ ਜਸ਼ਨ ਮਨਾਉਣ ਲਈ ਆਇਆ ਸੀ। ਪੈਰਾ-ਮੈਡੀਕਲ ਅਧਿਕਾਰੀਆਂ ਨੇ ਉਸ ਨੂੰ ਬਚਾਉਣ ਲਈ ਪੂਰੀ ਮਦਦ ਕੀਤੀ ਪਰ ਉਹ ਉਸ ਨੂੰ ਬਚਾਅ ਨਹੀਂ ਸਕੇ।
ਇੱਥੇ ਦੱਸ ਦੇਈਏ ਕਿ ਨਿਮਬੋਨਾ ਦੀ ਮੌਤ ਤੋਂ 8 ਦਿਨ ਪਹਿਲਾਂ ਹੀ ਭਾਰਤੀ ਵਿਦਿਆਰਥਣ ਨਿਤੀਸ਼ਾ ਨੇਗੀ ਨਾਂ ਦੀ 15 ਸਾਲਾ ਖਿਡਾਰਣ ਦੀ ਇਸੇ ਬੀਚ 'ਚ ਡੁੱਬਣ ਕਰ ਕੇ ਮੌਤ ਹੋ ਗਈ ਸੀ। ਦੋ 11 ਸਾਲ ਦੇ ਲੜਕੇ ਜੋ ਕਿ ਬਰੂੰਡੀ ਤੋਂ ਸਨ, ਉਨ੍ਹਾਂ ਦੀ ਨਵੇਂ ਸਾਲ ਮੌਕੇ 2016 'ਚ ਡੁੱਬਣ ਕਰ ਕੇ ਮੌਤ ਹੋ ਚੁੱਕੀ ਹੈ। ਇਨ੍ਹਾਂ ਪ੍ਰਵਾਸੀਆਂ ਦੀ ਮੌਤ ਤੋਂ ਬਾਅਦ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਅੱਗੇ ਤੋਂ ਅਜਿਹੀਆਂ ਤ੍ਰਾਸਦੀਆਂ ਰੋਕਣ ਲਈ ਉਹ ਪਾਣੀ 'ਚ ਪ੍ਰਵਾਸੀਆਂ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕਰੇਗੀ ਅਤੇ ਸਮੀਖਿਆ ਕਰੇਗੀ।