ਰੂਸ ਦੇ ਸਕੂਲ ’ਚ ਵਿਦਿਆਰਥੀਆਂ ਵਿਚਾਲੇ ਚਲੇ ਚਾਕੂ, 15 ਜ਼ਖਮੀ

01/15/2018 4:20:54 PM

ਮਾਸਕੋ (ਏ.ਪੀ.)- ਰੂਸ ਦੇ ਪਹਾੜੀ ਸ਼ਹਿਰ ਪੇਰਮ ਦੇ ਇਕ ਸਕੂਲ ’ਚ ਵਿਦਿਆਰਥੀਆਂ ਵਿਚਕਾਰ ਝੜਪ ਹੋ ਗਈ, ਜਿਸ ਦੌਰਾਨ ਵਿਦਿਆਰਥੀ ਇਕ ਦੂਜੇ ਨੂੰ ਚਾਕੂ ਮਾਰ ਰਹੇ ਸਨ। ਇਸ ਘਟਨਾ ’ਚ 15 ਵਿਦਿਆਰਥੀ ਜ਼ਖਮੀ ਹੋ ਗਏ ਹਨ। ਰੂਸ ਦੀ ਲਾਅ ਐਨਫੋਰਸਮੈਂਟ ਏਜੰਸੀ ਨੇ ਦੱਸਿਆ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੋ ਵਿਦਿਆਰਥੀਆਂ ਨੇ ਇਕ ਦੂਜੇ ’ਤੇ ਚਾਕੂ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵਿਚ ਅਧਿਆਪਕ ਅਤੇ ਹੋਰ ਵਿਦਿਆਰਥੀ ਜ਼ਖਮੀ ਹੋ ਗਏ।

ਜਾਂਚ ਕਮੇਟੀ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਦੋ ਅਤੇ ਉਸ ਤੋਂ ਜ਼ਿਆਦਾ ਲੋਕਾਂ ਨੂੰ ਕਤਲ ਦੀ ਕੋਸ਼ਿਸ਼ ਦੇ ਰੂਪ ਵਿਚ ਮੰਨ ਕੇ ਚਲ ਰਹੀ ਹੈ। ਸ਼ਹਿਰ ਦੇ ਸਿਹਤ ਵਿਭਾਗ ਨੇ ਕਿਹਾ ਕਿ 15 ’ਚੋਂ 12 ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਵਿਚ ਇਕ ਅਧਿਆਪਕਾ ਅਤੇ ਦੋ 15 ਸਾਲ ਦੇ ਵਿਦਿਆਰਥੀ ਗੰਭੀਰ ਰੂਪ ’ਚ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦੀ ਸਰਜਰੀ ਕਰਵਾਈ ਗਈ ਹੈ।