ਲੰਡਨ ''ਚ ਇਕ ਸਾਬਕਾ ਰੂਸੀ ਅਧਿਕਾਰੀ ਦੀ ਸ਼ੱਕੀ ਹਾਲਾਤਾਂ ''ਚ ਮਿਲੀ ਲਾਸ਼

03/14/2018 2:21:50 AM

ਲੰਡਨ— ਇਕ ਸਾਬਕਾ ਸੀਨੀਅਰ ਰੂਸੀ ਅਧਿਕਾਰੀ ਲੰਡਨ 'ਚ ਸ਼ੱਕੀ ਹਾਲਾਤਾਂ 'ਚ ਮ੍ਰਿਤ ਪਾਇਆ ਗਿਆ। ਉਹ ਕ੍ਰੇਮਲਿਨ ਵਿਰੋਧੀ ਬੋਰਿਸ ਬੇਰੇਜੋਵਸਕੀ ਨਾਲ ਜੁੜਿਆ ਸੀ। ਨਿਕੋਲਾਈ ਗਲੁਸ਼ਕੋਵ ਦੀ ਮੌਤ ਇੰਗਲੈਂਡ 'ਚ ਸਾਬਕਾ ਰੂਸੀ ਜਾਸੂਸ ਨੂੰ ਜ਼ਹਿਰ ਦਿੱਤੇ ਜਾਣ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਵਧੇ ਤਣਾਅ ਵਿਚਾਲੇ ਹੋਈ ਹੈ। ਸਰਕਾਰ ਨੇ ਕਿਹਾ ਕਿ ਉਹ ਰੂਸ ਨਾਲ ਜੁੜੇ ਕਈ ਲੋਕਾਂ ਦੀ ਮੌਤ ਦੀ ਜਾਂਚ ਕਰਵਾਏਗੀ ਕਿਉਂਕਿ ਇਸ ਨੇ ਸ਼ੱਕ ਨੂੰ ਜਨਮ ਦਿੱਤਾ ਹੈ।
ਖਬਰਾਂ 'ਚ ਦੱਸਿਆ ਗਿਆ ਹੈ ਕਿ ਗਲੁਸ਼ਕੋਵ ਨੂੰ ਉਸ ਦੀ ਧੀ ਨਤਾਲਿਆ ਨੇ ਦੱਖਣੀ ਪੱਛਮੀ ਲੰਡਨ ਦੇ ਨਿਊ ਮਾਲਡਨ 'ਚ ਸੋਮਵਾਰ ਨੂੰ ਆਪਣੇ ਘਰ 'ਚ ਮ੍ਰਿਤ ਪਾਇਆ। ਉਨ੍ਹਾਂ ਨੇ ਬੇਰੇਜੋਵਸਕੀ ਦੀ ਕੰਪਨੀ ਏਅਰੋਫਲੋਟ ਤੇ ਐਵਟੋਵਾਜ ਲਈ ਕੰਮ ਕੀਤਾ ਸੀ। ਰੂਸ ਦੀ ਕਾਰਸੈਟ ਅਖਬਾਰ ਨੇ ਗੁਲਸ਼ਕੋਵ ਦੇ ਪਰਿਵਾਰ ਦੇ ਹਵਾਲੇ ਤੋਂ ਦੱਸਿਆ ਕਿ ਲਾਸ਼ 'ਤੇ 'ਗਲਾ ਦਬਣ' ਦੇ ਨਿਸ਼ਾਨ ਸਨ। ਇਸ ਨੇ ਕਿਹਾ ਕਿ ਇਹ ਹੁਣ ਤਕ ਸਪੱਸ਼ਟ ਨਹੀਂ ਹੈ ਕਿ ਇਹ 'ਕਤਲ ਹੈ ਜਾਂ ਆਤਮ ਹੱਤਿਆ।' ਬ੍ਰਿਟੇਨ ਦੀ ਅੱਤਵਾਦ ਰੋਕੂ ਪੁਲਸ ਨੇ ਕਿਹਾ ਕਿ ਉਹ ਦੱਖਣੀ ਪੱਛਮੀ ਲੰਡਨ ਦੇ ਕਿੰਗਸਟਨ 'ਚ 60 ਸਾਲ ਤੋਂ ਜ਼ਿਆਦਾ ਉਮਰ ਦੇ ਇਕ ਵਿਅਕਤੀ ਦੀ ਮੌਤ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਉਸ ਨੇ ਉਸ ਦੀ ਪਛਾਣ ਨਹੀਂ ਦੱਸੀ।