Russia-Ukraine War: ਮਾਤਭੂਮੀ ਦੀ ਰੱਖਿਆ ਲਈ ਵਿਦੇਸ਼ਾਂ ’ਚੋਂ ਵਤਨ ਪਰਤ ਰਹੇ ਯੂਕ੍ਰੇਨੀ

02/27/2022 7:06:10 PM

ਮੇਦਿਕਾ (ਏ. ਪੀ.) : ਯੂਕਰੇਨ ’ਤੇ ਰੂਸ ਦੇ ਹਮਲੇ ਦੌਰਾਨ ਜਿਥੇ ਹਜ਼ਾਰਾਂ ਲੋਕ ਯੂਕ੍ਰੇਨ ਛੱਡ ਰਹੇ ਹਨ, ਉਥੇ ਹੀ ਕੁਝ ਯੂਕ੍ਰੇਨੀ ਮਰਦ  ਤੇ ਔਰਤਾਂ ਆਪਣੀ ਮਾਤਭੂਮੀ ਦੀ ਰੱਖਿਆ ’ਚ ਮਦਦ ਕਰਨ ਲਈ ਪੂਰੇ ਯੂਰਪ ਤੋਂ ਘਰ ਪਰਤ ਰਹੇ ਹਨ। ਦੱਖਣ ਪੂਰਬੀ ਪੋਲੈਂਡ ਦੀ ਮੇਦਿਕਾ ਸਰਹੱਦੀ ਚੌਕੀ ’ਤੇ ਅਜਿਹੇ ਕਈ ਨਾਗਰਿਕ ਐਤਵਾਰ ਤੜਕੇ ਯੂਕ੍ਰੇਨ ’ਚ ਦਾਖ਼ਲ ਹੋਣ ਲਈ ਕਤਾਰ ’ਚ ਖੜ੍ਹੇ ਦਿਖਾਈ ਦਿੱਤੇ । ਯੂਕ੍ਰੇਨ ਵਿਚ ਦਾਖ਼ਲ ਹੋਣ ਲਈ ਚੌਕੀ ’ਤੇ ਖੜ੍ਹੇ ਯੂਕ੍ਰੇਨ ਦੇ ਤਕਰੀਬਨ 20 ਟਰੱਕ ਚਾਲਕਾਂ ਦੇ ਇਕ ਸਮੂਹ ਦੇ ਅੱਗੇ ਖੜ੍ਹੇ ਮੁੱਛਾਂ ਵਾਲੇ ਇਕ ਵਿਅਕਤੀ ਨੇ ਕਿਹਾ, ‘‘ਅਸੀਂ ਆਪਣੀ ਮਾਤਭੂਮੀ ਦੀ ਰੱਖਿਆ ਕਰਨੀ ਹੈ। ਜੇ ਅਸੀਂ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੇਗਾ।” ਇਹ ਸਾਰੇ ਯੂਰਪ ਤੋਂ ਯੂਕ੍ਰੇਨ ਵਾਪਸ ਪਰਤੇ ਸਨ। ਸਮੂਹ ’ਚ ਸ਼ਾਮਲ ਇਕ ਹੋਰ ਵਿਅਕਤੀ ਨੇ ਕਿਹਾ, “ਰੂਸੀਆਂ ਨੂੰ ਡਰਨਾ ਚਾਹੀਦਾ ਹੈ। ਅਸੀਂ ਡਰਦੇ ਨਹੀਂ ਹਾਂ।” ਸਮੂਹ ਦੇ ਮੈਂਬਰਾਂ ਨੇ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਲਈ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਟਾਂਡਾ ਦੇ ਵਿਦਿਆਰਥੀ ਨੇ ਬਿਆਨ ਕੀਤਾ ਭਿਆਨਕ ਮੰਜ਼ਰ, ਚਿੰਤਾ ’ਚ ਮਾਪੇ

ਇਕ 30 ਸਾਲਾ ਔਰਤ ਨੇ ਬਿਨਾਂ ਆਪਣੇ ਉਪਨਾਮ ਦੇ ਆਪਣਾ ਨਾਂ ਲੀਜ਼ਾ ਦੱਸਿਆ। ਉਸ ਨੇ ਚੈੱਕ ਪੋਸਟ ’ਚ ਦਾਖਲ ਹੋਣ ਤੋਂ ਪਹਿਲਾਂ ‘ਏ. ਪੀ.’ ਨਾਲ ਗੱਲ ਕੀਤੀ। ਔਰਤ ਨੇ ਕਿਹਾ, ‘‘ਮੈਂ ਡਰਦੀ ਹਾਂ ਪਰ ਮੈਂ ਇਕ ਮਾਂ ਹਾਂ ਅਤੇ ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦੀ ਹਾਂ। ਤੁਸੀਂ ਕੀ ਕਰ ਸਕਦੇ ਹੋ? ਇਹ ਖ਼ਤਰੇ ਨਾਲ ਭਰਿਆ ਹੋਇਆ ਹੈ ਪਰ ਮੈਨੂੰ ਕਰਨਾ ਪਵੇਗਾ।” ਇਕ ਹੋਰ ਲੜਕੀ ਨੇ ਕਿਹਾ ਕਿ ਉਹ ਵੀ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਲਈ ਵਾਪਸ ਆ ਰਹੀ ਹੈ, ਤਾਂ ਜੋ ਯੂਕ੍ਰੇਨੀ ਪੁਰਸ਼ ਦੇਸ਼ ਦੀ ਰੱਖਿਆ ਲਈ ਜਾ ਸਕਣ। ਉਸ ਨੇ ਕਿਹਾ, ‘‘ਸਾਨੂੰ ਕਰਨਾ ਹੋਵੇਗਾ, ਸਾਨੂੰ ਯੂਕ੍ਰੇਨੀਅਨਾਂ ਨੂੰ ਆਪਣੇ ਬੱਚਿਆਂ ਨੂੰ ਦੂਰ ਲਿਜਾਣਾ ਹੋਵੇਗਾ ਤਾਂ ਜੋ ਮਰਦ ਲੜ ਸਕਣ।’’ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਯੂ. ਐੱਨ. ਐੱਚ. ਸੀ. ਆਰ. ਨੇ ਸ਼ਨੀਵਾਰ ਕਿਹਾ ਕਿ ਰੂਸੀ ਹਮਲੇ ਦੇ ਮੱਦੇਨਜ਼ਰ ਘੱਟੋ-ਘੱਟ 1,50,000 ਲੋਕ ਯੂਕ੍ਰੇਨ ਤੋਂ ਪੋਲੈਂਡ ਅਤੇ ਹੋਰ ਗੁਆਂਢੀ ਦੇਸ਼ਾਂ ’ਚ ਭੱਜ ਗਏ ਹਨ। ਇਸ ਨੇ ਯੂਕ੍ਰੇਨ ਜਾਣ ਵਾਲਿਆਂ ਦੇ ਅੰਕੜੇ ਨਹੀਂ ਦਿੱਤੇ।

ਇਹ ਵੀ ਪੜ੍ਹੋ : ਰੂਸ ਵੱਲੋਂ ਹਮਲਿਆਂ ਦਰਮਿਆਨ ਜਾਨ ਬਚਾਉਣ ਲਈ 2 ਲੱਖ ਤੋਂ ਵੱਧ ਯੂਕ੍ਰੇਨੀਆਂ ਨੇ ਛੱਡਿਆ ਦੇਸ਼ : ਸੰਯੁਕਤ ਰਾਸ਼ਟਰ

Manoj

This news is Content Editor Manoj