ਰੂਸ 'ਚ ਰਾਕੇਟ ਇੰਜਣ ਫਟਣ ਕਾਰਨ 5 ਪ੍ਰਮਾਣੂ ਵਿਗਿਆਨੀਆਂ ਦੀ ਮੌਤ

08/10/2019 1:28:33 PM

ਮਾਸਕੋ—ਰੂਸ 'ਚ ਪ੍ਰੀਖਣ ਦੌਰਾਨ ਵੀਰਵਾਰ ਨੂੰ ਇਕ ਰਾਕੇਟ ਦਾ ਇੰਜਣ ਫਟ ਗਿਆ, ਜਿਸ ਕਾਰਨ 5 ਪ੍ਰਮਾਣੂ ਵਿਗਿਆਨੀਆਂ ਦੀ ਮੌਤ ਹੋ ਗਈ। ਇਹ ਘਟਨਾ ਸੁਦੂਰ ਦੇ ਇਕ ਫੌਜੀ ਟਿਕਾਣੇ 'ਤੇ ਰਾਕੇਟ ਪ੍ਰੀਖਣ ਦੌਰਾਨ ਧਮਾਕੇ ਹੋਏ। ਦੋ ਦਿਨਾਂ ਬਾਅਦ ਵੀ ਇੱਥੇ ਸਥਿਤੀ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੀ। ਰੱਖਿਆ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਘਟਨਾ 'ਚ ਰੱਖਿਆ ਮੰਤਰਾਲੇ ਦੇ 6 ਕਰਮਚਾਰੀ ਅਤੇ ਡਿਵੈਲਪਰ ਜ਼ਖਮੀ ਹੋਏ ਹਨ ਜਦਕਿ 5 ਵਿਗਿਆਨੀਆਂ ਦੀ ਮੌਤ ਹੋਈ ਹੈ। ਇੱਥੇ ਰੇਡੀਅਸ਼ਨ ਦੀ ਮਾਤਰਾ ਸਾਧਾਰਣ ਨਾਲੋਂ 20 ਗੁਣਾ ਵਧੇਰੇ ਹੈ ਅਤੇ ਸ਼ੁੱਕਰਵਾਰ ਨੂੰ ਵੀ ਇੱਥੇ ਛੋਟੇ ਧਮਾਕੇ ਹੋਣ ਕਾਰਨ ਕੁਝ ਲੋਕ ਜ਼ਖਮੀ ਹੋ ਗਏ।

ਮੈਡੀਕਲ ਟੀਮ ਨੇ ਕੈਮੀਕਲ ਅਤੇ ਨਿਊਕਲੀਅਰ ਪ੍ਰੋਟੈਕਸ਼ਨ ਸੂਟ ਪਾ ਕੇ ਸਾਰੇ ਜ਼ਖਮੀਆਂ ਨੂੰ ਬਾਹਰ ਕੱਢਣ 'ਚ ਸਫਲਤਾ ਹਾਸਲ ਕੀਤੀ। ਸ਼ਹਿਰਾਂ 'ਚ ਰੇਡੀਏਸ਼ਨ ਨੂੰ ਲੈ ਕੇ ਲੋਕਾਂ 'ਚ ਡਰ ਹੈ। ਮੈਡੀਕਲ ਸਟੋਰਾਂ 'ਤੇ ਆਇਓਡੀਨ ਲੈਣ ਲਈ ਭਾਰੀ ਭੀੜ ਲੱਗੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਸ਼ਹਿਰਾਂ 'ਚ ਇਹ ਦਵਾਈ ਖਤਮ ਹੋਣ ਦੀ ਕਗਾਰ 'ਤੇ ਹੈ।
ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੇਡੀਏਸ਼ਨ ਦਾ ਪੱਧਰ ਸਾਧਾਰਣ ਹੈ ਪਰ ਇੱਥੋਂ ਦੇ ਸ਼ਹਿਰ ਸਵੇਰੋਡਵਿੰਸਕ 'ਚ ਇਸ ਦਾ ਪੱਧਰ ਵਧੇਰੇ ਦੱਸਿਆ ਗਿਆ। ਰੇਡੀਏਸ਼ਨ ਨੂੰ ਦੇਖਦੇ ਹੋਏ ਸਥਾਨਕ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਇਕ ਹਫਤੇ ਦੇ ਅੰਦਰ ਦੂਜੀ ਵਾਰ ਇਸ ਤਰ੍ਹਾਂ ਦੀ ਘਟਨਾ ਵਾਪਰੀ। ਇਸ ਤੋਂ ਪਹਿਲਾਂ ਸਾਈਬੇਰੀਆ ਦੇ ਇਕ ਡੀਪੂ 'ਚ ਅੱਗ ਲੱਗ ਗਈ ਸੀ।