3 ਪੁਲਾੜ ਯਾਤਰੀ ਪੁੱਜੇ ਸਪੇਸ ਸਟੇਸ਼ਨ, 195 ਦਿਨਾਂ ''ਚ ਕਰਨਗੇ 160 ਪ੍ਰਯੋਗ

04/10/2020 5:42:09 PM

ਮਾਸਕੋ/ਵਾਸ਼ਿੰਗਟਨ (ਬਿਊਰੋ): ਬ੍ਰਹਿਮੰਡ ਵਿਚ ਇਨਸਾਨਾਂ ਦਾ ਘਰ ਮਤਲਬ ਧਰਤੀ ਕੋਰੋਨਾਵਾਇਰਸ ਕਾਰਨ ਪਰੇਸ਼ਾਨ ਹੈ।ਇਸ 'ਤੇ ਕੋਈ ਹੋਰ ਮੁਸੀਬਤ ਨਾ ਆਵੇ ਇਸ ਲਈ ਤਿੰਨ ਪੁਲਾੜ ਯਾਤਰੀਆਂ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ (ISS) ਭੇਜਿਆ ਗਿਆ ਹੈ। ਰੂਸੀ ਸਪੇਸ ਏਜੰਸੀ ਰੌਸਕੌਸਮੌਸ ਨੇ ਸੋਯੂਜ ਐੱਮ.ਐੱਸ.16 ਰਾਕੇਟ ਜ਼ਰੀਏ 3 ਯਾਤਰੀ ਆਈ.ਐੱਸ.ਐੱਸ. ਭੇਜੇ। ਇਹ ਤਿੰਨੇ ਪੁਲਾੜ ਯਾਤਰੀ ਸਪੇਸ ਸਟੇਸ਼ਨ 'ਤੇ ਪਹੁੰਚ ਚੁੱਕੇ ਹਨ। ਜਿਹੜੇ ਤਿੰਨ ਪੁਲਾੜ ਯਾਤਰੀ ਸਪੇਸ ਸਟੇਸ਼ਨ ਗਏ ਹਨ ਉਹਨਾਂ ਵਿਚ ਅਮਰੀਕਾ ਦੇ ਕ੍ਰਿਸ ਕੈਸਿਡੀ, ਰੂਸ ਦੇ ਅਨਾਤੋਲੀ ਇਵਾਨਿਸ਼ਿਨ ਅਤੇ ਇਵਾਨ ਵੈਗਨਰ ਹਨ। ਇਹਨਾਂ ਤਿੰਨਾਂ ਦੀ ਪੁਲਾੜ ਗੱਡੀ ਕਜ਼ਾਕਿਸਤਾਨ ਦੇ ਬੈਕੋਨੂਰ ਕੌਸਮੋਡ੍ਰੋਮ ਤੋਂ ਰਵਾਨਾ ਹੋਣ ਦੇ ਬਾਅਦ ਅੰਤਰਰਾਸ਼ਟਰੀ ਸਮੇਂ ਮੁਤਾਬਕ 2:13 ਵਜੇ ਸਪੇਸ ਸਟੇਸ਼ਨ 'ਤੇ ਪੁੱਜੀ।

 

ਕੋਰੋਨਾਵਾਇਰਸ ਮਹਾਮਾਰੀ ਫੈਲਣ ਕਾਰਨ ਇਸ ਮਿਸ਼ਨ ਦੀ ਲਾਂਚਿੰਗ ਵਿਚ ਥੋੜ੍ਹੀ ਤਬਦੀਲੀ ਕੀਤੀ ਗਈ ਸੀ ਕਿਉਂਕਿ ਆਮ ਤੌਰ 'ਤੇ ਲਾਂਚ ਤੋਂ ਪਹਿਲਾਂ ਪੁਲਾੜ ਯਾਤਰੀ ਮੀਡੀਆ ਨਾਲ ਮਿਲਦੇ ਹਨ। ਆਪਣੇ ਪਰਿਵਾਰ ਵਾਲਿਆਂ ਨਾਲ ਮਿਲਦੇ ਹਨ ਪਰ ਕੋਰੋਨਾ ਫੈਲਣ ਦੇ ਖਦਸ਼ੇ ਦੇ ਕਾਰਨ ਯਾਤਰਾ 'ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਅਜਿਹਾ ਕੁਝ ਨਹੀਂ ਹੋਇਆ। ਅਮਰੀਕੀ ਪੁਲਾੜ ਯਾਤਰੀ ਕ੍ਰਿਸ ਕੈਸਿਡੀ ਨੇ ਇਹ ਮੰਨਿਆ ਕਿ ਉਹਨਾਂ ਦੇ ਨਾਲ ਸਪੇਸ ਸਟੇਸ਼ਨ 'ਤੇ ਜਾ ਰਹੇ ਹੋਰ ਪੁਲਾੜ ਯਾਤਰੀਆਂ ਨੂੰ ਵੀ ਯਾਤਰਾ ਤੋਂ ਪਹਿਲਾਂ ਆਪਣੇ ਪਰਿਵਾਰ ਵਾਲਿਆਂ ਨਾਲ ਨਾ ਮਿਲ ਪਾਉਣ ਦਾ ਦੁੱਖ ਹੈ। ਕੈਸਿਡੀ ਨੇ ਇਹ ਵੀ ਕਿਹਾ ਉਹ ਸਮਝ ਸਕਦੇ ਹਨ ਕਿ ਬਾਕੀ ਵਿਸ਼ਵ ਵੀ ਮਹਾਮਾਰੀ ਦੇ ਸੰਕਟ ਨਾਲ ਜੂਝ ਰਿਹਾ ਹੈ। 

ਹੁਣ ਸਪੇਸ ਸਟੇਸ਼ਨ 'ਤੇ ਕੁੱਲ ਮਿਲਾ ਕੇ 6 ਪੁਲਾੜ ਯਾਤਰੀ ਮੌਜੂਦ ਹਨ। ਸਪੇਸ ਸਟੇਸ਼ਨ 'ਤੇ ਅਮਰੀਕਾ ਦੇ ਐਂਡਰਿਊ ਮੌਰਗਨ ਅਤੇ ਜੇਸਿਕਾ ਮੀਰ ਪਹਿਲਾਂ ਤੋਂ ਮੌਜੂਦ ਹਨ। ਇਹਨਾਂ ਦੇ ਨਾਲ ਰੂਸ ਦੇ ਓਲੇਗ ਸਕ੍ਰੀਪੋਚਕਾ ਵੀ ਹਨ। ਹੁਣ ਇਹ ਤਿੰਨੇ ਸੋਯੁਜ ਐੱਮ.ਐੱਸ.15 ਕੈਪਸੂਲ ਤੋਂ 17 ਅਪ੍ਰੈਲ ਨੂੰ ਧਰਤੀ ਲਈ ਰਵਾਨਾ ਹੋਣਗੇ। ਜਿਹੜੇ 3 ਯਾਤਰੀ ਹਾਲੇ ਸਪੇਸ ਸਟੇਸ਼ਨ 'ਤੇ ਗਏ ਹਨ। ਇਹ ਸਾਰੇ 195 ਦਿਨਾਂ ਤੱਕ ਉੱਥੇ ਰਹਿਣਗੇ। ਨਾਲ ਹੀ ਇਸ ਦੌਰਾਨ 160 ਤਰ੍ਹਾਂ ਦੇ ਪ੍ਰਯੋਗ ਕਰਨਗੇ। ਇਹਨਾਂ ਵਿਚ ਬਾਇਓਲੌਜੀ, ਧਰਤੀ ਵਿਗਿਆਨ, ਮਨੁੱਖੀ ਸ਼ੋਧ, ਭੌਤਿਕੀ ਅਤੇ ਤਕਨੀਕੀ ਵਿਕਾਸ ਸ਼ਾਮਲ ਹਨ। ਇਸ ਦੇ ਇਲਾਵਾ ਇਹ ਤਿੰਨੇ ਪੁਲਾੜ ਯਾਤਰੀ ਸਪੇਸ ਸਟੇਸ਼ਨ ਤੋਂ ਧਰਤੀ 'ਤੇ ਆਉਣ ਵਾਲੀਆਂ ਕੁਦਰਤੀ ਆਫਤਾਂ ਦੀ ਜਾਣਕਾਰੀ ਵੀ ਦੇਣਗੇ। 

ਮਈ ਵਿਚ ਸਪੇਸ ਐਕਸ ਵੱਲੋਂ ਵੀ ਕੈਪਸੂਲ ਜ਼ਰੀਏ ਦੋ ਪੁਲਾੜ ਯਾਤਰੀ ਸਪੇਸ ਸਟੇਸ਼ਨ ਜਾ ਸਕਦੇ ਹਨ। ਇਹ ਪਹਿਲਾ ਨਿੱਜੀ ਲਾਂਚ ਹੋਵੇਗਾ। ਤਿੰਨੇ ਪੁਲਾੜ ਯਾਤਰੀ ਸਪੇਸ ਐਕਸ ਦੇ ਕੈਪਸੂਲ ਤੋਂ ਆਉਣ ਵਾਲੇ ਪੁਲਾੜ ਯਾਤਰੀਆਂ ਦਾ ਸਪੇਸ ਸਟੇਸ਼ਨ 'ਤੇ ਸਵਾਗਤ ਕਰਨਗੇ। ਕ੍ਰਿਸ ਕੈਸਿਡੀ ਅਤੇ ਇਵਾਨਿਸ਼ਿਨ ਦੀ ਇਹ ਤੀਜੀ ਸਪੇਸ ਉਡਾਣ ਹੈ। ਜਦਕਿ ਵੈਗਨਰ ਦੀ ਪਹਿਲੀ। ਇਹਨਾਂ ਤਿੰਨਾਂ ਨੂੰ ਧਰਤੀ ਤੋਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੱਕ ਪਹੁੰਚਣ ਵਿਚ ਕਰੀਬ 6 ਘੰਟੇ ਲੱਗੇ।

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਵਿਗਿਆਨੀਆਂ ਨੇ ਖੋਜਿਆ ਉਹ ਟਾਰਗੇਟ, ਜਿੱਥੇ ਸਿੱਧਾ ਅਸਰ ਕਰੇਗੀ ਕੋਰੋਨਾ ਦੀ ਦਵਾਈ

 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦਾ ਕਹਿਰ, ਫਿਲੀਪੀਨਜ਼ 'ਚ 23 ਦਿਨਾਂ ਦੀ ਬੱਚੀ ਦੀ ਮੌਤ

Vandana

This news is Content Editor Vandana