ਰੂਸ ''ਚ ਨੌਜਵਾਨ ਨੇ ''ਅੱਲਾਹੂ ਅਕਬਰ'' ਬੋਲਦੇ ਹੋਏ ਕੀਤਾ ਹਮਲਾ, ਪੁਲਸ ਨੇ ਮਾਰੀ ਗੋਲੀ

10/30/2020 6:08:26 PM

ਮਾਸਕੋ (ਬਿਊਰੋ): ਫਰਾਂਸ ਅਤੇ ਸਾਊਦੀ ਅਰਬ ਦੇ ਬਾਅਦ ਹੁਣ ਰੂਸ ਵਿਚ ਵੀ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ 16 ਸਾਲਾ ਨੌਜਵਾਨ ਨੇ 'ਅੱਲਾਹੂ ਅਕਬਰ' ਬੋਲਦੇ ਹੋਏ ਇਕ ਪੁਲਸ ਵਾਲੇ ਨੂੰ ਚਾਕੂ ਮਾਰ ਦਿੱਤਾ। ਇਸ ਨੌਜਵਾਨ ਨੇ ਪੁਲਸ ਵਾਲੇ 'ਤੇ 3 ਵਾਰ ਚਾਕੂ ਨਾਲ ਹਮਲਾ ਕੀਤਾ, ਜਿਸ ਦੇ ਬਾਅਦ ਉਸ ਦੇ ਸਾਥੀ ਪੁਲਸ ਵਾਲੇ ਨੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਮਗਰੋਂ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

 

ਇਸ ਤੋਂ ਪਹਿਲਾਂ ਸਾਊਦੀ ਅਰਬ ਤੋਂ ਖ਼ਬਰ ਆਈ ਹੈ ਕਿ ਫਰਾਂਸ ਦੇ ਕੌਂਸਲੇਟ ਦੇ ਬਾਹਰ ਗਾਰਡ ਨੂੰ ਚਾਕੂ ਮਾਰ ਦਿੱਤਾ ਗਿਆ। ਵੀਰਵਾਰ ਨੂੰ ਫਰਾਂਸ ਦੇ ਨਾਈਸ ਵਿਚ ਇਕ ਟਿਊਨੀਸ਼ੀਆਈ ਹਮਲਾਵਰ ਨੇ ਤਿੰਨ ਲੋਕਾਂ ਨੂੰ ਮਾਰ ਦਿੱਤਾ ਸੀ।ਰੂਸ ਦੀ ਸਮਾਚਾਰ ਏਜੰਸੀ ਮੁਤਾਬਕ, ਨੌਜਵਾਨ ਚਾਕੂ ਅਤੇ ਪੈਟਰੋਲ ਬੰਬ ਨਾਲ ਲੈਸ ਸੀ। ਇਸ ਨੇ ਪੁਲਸ ਵਾਲੇ 'ਤੇ ਪਿੱਛੋਂ ਦੀ ਤਿੰਨ ਜਾਨਲੇਵਾ ਹਮਲੇ ਕੀਤੇ। ਇਹ ਘਟਨਾ ਰੂਸ ਦੇ ਕੁਕਮੋਰ ਸ਼ਹਿਰ ਦੀ ਦੱਸੀ ਜਾ ਰਹੀ ਹੈ। ਰੂਸ ਦਾ ਇਹ ਇਲਾਕਾ ਮੁਸਲਿਮ ਬਹੁ ਗਿਣਤੀ ਹੈ ਅਤੇ ਇੱਥੇ ਵੀ ਫਰਾਂਸ ਦੇ ਖਿਲਾਫ਼ ਪ੍ਰਦਰਸ਼ਨ ਹੋਇਆ ਸੀ। ਰੂਸ ਦੀ ਜਾਂਚ ਏਜੰਸੀ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ ਅਤੇ ਇਸ ਨਾਲ ਜੁੜੇ ਹੋਰ ਲੋਕਾਂ ਦੀ ਤਲਾਸ਼ ਕੀਤੀ  ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਚੀਨੀ ਸੈਨਾ ਸਰਦੀਆਂ 'ਚ ਵੀ ਲੱਦਾਖ ਤੋਂ ਨਹੀਂ ਹਟੇਗੀ ਪਿੱਛੇ, ਸਰਕਾਰ ਨੇ ਦਿੱਤੇ ਸਪੈਸ਼ਲ ਕੱਪੜੇ, ਬੂਟ ਤੇ ਟੈਂਟ

ਪੁਲਸ ਨੇ ਦੱਸਿਆ ਕਿ ਚਾਕੂ ਨਾਲ ਹਮਲਾ ਕਰਨ ਤੋਂ ਪਹਿਲਾਂ ਨੌਜਵਾਨ 'ਅੱਲਾਹੂ ਅਕਬਰ' ਬੋਲਿਆ ਸੀ। ਇਸ ਨੌਜਵਾਨ ਨੇ ਪੁਲਸ ਵਾਲਿਆਂ ਨੂੰ 'ਕਾਫਿਰ' ਵੀ ਕਿਹਾ ਸੀ। ਜਾਂਚ ਵਿਚ ਸਾਹਮਣੇ ਆਇਆ ਹੈਕਿ ਇਹ ਨੌਜਵਾਨ ਪੁਲਸ ਸਟੇਸ਼ਨ ਵਿਚ ਅੱਗ ਲਗਾਉਣ ਦੇ ਇਰਾਦੇ ਨਾਲ ਆਇਆ ਸੀ। ਜ਼ਖਮੀ ਪੁਲਸ ਵਾਲੇ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹ ਫਿਲਹਾਲ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਸਥਾਨਕ ਮੀਡੀਆ ਨੇ ਇਸ ਹਮਲਾਵਰ ਨੌਜਵਾਨ ਦਾ ਨਾਮ ਵਿਟਲੇ ਅੰਤੀਪੋਵ ਦੱਸਿਆ ਹੈ। ਅੰਤੀਪੋਵ ਸਾਈਬੇਰੀਆ ਦੇ ਅਲਟਾਈ ਇਲਾਕੇ ਦਾ ਹੈ ਅਤੇ ਇਕ ਹਲਾਲ ਕੈਫੇ ਵਿਚ ਕੰਮ ਕਰਦਾ ਹੈ। ਇਸ ਕੈਫੇ ਦਾ ਮਾਲਕ ਵੀ ਹਥਿਆਰਾਂ ਦੇ ਗੈਰ ਕਾਨੂੰਨੀ ਨਿਰਮਾਣ ਅਤੇ ਭੰਨ-ਤੋੜ ਦੇ ਦੋਸ਼ ਵਿਚ 14 ਸਾਲ ਜੇਲ੍ਹ ਦੀ ਸਜ਼ਾ ਕੱਟ ਚੁੱਕਾ ਹੈ। ਰੂਸ ਦੀ ਜਾਂਚ ਏਜੰਸੀ ਨੇ ਕਿਹਾ ਹੈ ਕਿ ਉਹ ਇਸ ਨੂੰ ਅੱਤਵਾਦ ਦੀ ਘਟਨਾ ਮੰਨ ਕੇ ਚੱਲ ਰਹੀ ਹੈ ਅਤੇ ਇਕ ਅਪਰਾਧਿਕ ਮਾਮਲਾ ਦਰਜ ਕੀਤਾ ਹੈ।

Vandana

This news is Content Editor Vandana