ਇਟਲੀ 'ਚ ਖੋਦਾਈ ਦੌਰਾਨ ਮਿਲੇ 5ਵੀਂ ਸਦੀ ਦੇ 'ਰੋਮਨ ਸੋਨੇ ਦੇ ਸਿੱਕੇ'

09/09/2018 4:29:02 PM

ਕੋਮੋ (ਇਟਲੀ)— ਉੱਤਰੀ ਇਟਲੀ ਦੇ ਸ਼ਹਿਰ ਕੋਮੋ 'ਚ ਖੋਦਾਈ ਦੌਰਾਨ ਪ੍ਰਾਚੀਨ ਰੋਮਨ ਸੋਨੇ ਦੇ ਸਿੱਕੇ ਮਿਲੇ ਹਨ। ਤਕਰੀਬਨ 100 ਦੀ ਗਿਣਤੀ 'ਚ ਮਿਲੇ ਇਹ ਸਿੱਕੇ ਇਕ ਪੁਰਾਣੇ ਥੀਏਟਰ ਦੀ ਬੇਸਮੈਂਟ 'ਚ ਖੋਦਾਈ ਦੌਰਾਨ ਮਿਲੇ ਹਨ। ਸਿੱਕੇ ਰੋਮਨ ਸਾਮਰਾਜ ਦੀ ਆਖਰੀ 5ਵੀਂ ਸਦੀ ਦੇ ਹਨ, ਜਿਸ ਨੂੰ ਇਕ ਪੱਥਰ ਦੇ ਜਗ ਅੰਦਰ ਬਰਾਮਦ ਕੀਤਾ ਗਿਆ। 


ਇਟਾਲੀਅਨ ਮੀਡੀਆ ਮੁਤਾਬਕ ਇਹ ਸਿੱਕੇ ਲੱਖਾਂ ਯੂਰੋ ਦੇ ਹੋ ਸਕਦੇ ਹਨ। ਸੱਭਿਆਚਾਰਕ ਮੰਤਰੀ ਐਲਬਰਟੋ ਬੋਨੀਸੋਲੀ ਮੁਤਾਬਕ ਸਾਨੂੰ ਅਜੇ ਤਕ ਸਿੱਕਿਆਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ ਪਰ ਇਹ ਖੇਤਰ ਸਾਡੇ ਪੁਰਾਤੱਤਵ-ਵਿਗਿਆਨ ਲਈ ਅਸਲੀ ਖਜ਼ਾਨਾ ਹੈ।ਇਸ ਥੀਏਟਰ ਦਾ 1870 'ਚ ਉਦਘਾਟਨ ਕੀਤਾ ਗਿਆ ਸੀ ਅਤੇ ਬਾਅਦ ਵਿਚ 1997 'ਚ ਇਸ ਨੂੰ ਬੰਦ ਕਰ ਦਿੱਤਾ ਗਿਆ। ਇਸ ਥਾਂ ਨੂੰ ਲਗਜ਼ਰੀ ਰਿਹਾਇਸ਼ ਦੇ ਨਿਰਮਾਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਢਾਹਿਆ ਗਿਆ।