ਮੈਲਬੌਰਨ ''ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰ ''ਚ ਅੱਧੇ ਘੰਟੇ ਤੱਕ ਫਸੀ ਰਹੀ ਔਰਤ ਅਤੇ ਫਿਰ... (ਦੇਖੋ ਤਸਵੀਰਾਂ)

02/15/2017 11:19:30 AM

ਮੈਲਬੌਰਨ— ਸ਼ਹਿਰ ''ਚ ਬੁੱਧਵਾਰ ਸਵੇਰੇ ਇੱਕ ਕਾਰ ਨੂੰ ਟਰੱਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ ''ਚ ਕਾਰ ਤਾਂ ਪੂਰੀ ਤਰ੍ਹਾਂ ਨੁਕਸਾਨੀ ਗਈ ਪਰ 40 ਸਾਲਾ ਚਾਲਕ ਔਰਤ ਵਾਲ-ਵਾਲ ਬਚ ਗਈ। ਉਸ ਦੀ ਗਰਦਨ ਤੇ ਪਿੱਠ ''ਤੇ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਐਲਫਰਡ ਹਸਪਤਾਲ ''ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। 
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਮੋਨਾਸ਼ ਫਰੀਵੇਅ ''ਤੇ ਵਾਪਰਿਆ। ਮੰਨਿਆ ਜਾ ਰਿਹਾ ਹੈ ਕਿ ਹਾਦਸੇ ਦਾ ਕਾਰਨ ਉਕਤ ਕਾਰ ਚਾਲਕ ਔਰਤ ਵਲੋਂ ਅਚਾਨਕ ਹੀ ਹਾਈਵੇਅ ''ਤੇ ਬਰੇਕ ਲਗਾਉਣਾ ਹੈ। ਇਸ ਕਾਰਨ ਪਿੱਛਿਓਂ ਆ ਰਹੇ ਟਰੱਕ ਚਾਲਕ ਕੋਲੋਂ ਬਰੇਕ ਨਹੀਂ ਲੱਗੀ ਅਤੇ ਟਰੱਕ ਸਿੱਧਾ ਉਸ ਦੀ ਕਾਰ ਨਾਲ ਜਾ ਟਕਰਾਇਆ। ਇਸ ਕਾਰਨ ਕਾਰ ਹਾਈਵੇਅ ''ਤੇ ਜਾ ਰਹੇ ਦੂਜੇ ਵਾਹਨਾਂ ਨਾਲ ਟਕਰਾਅ ਗਈ। ਦੋਹੀਂ ਪਾਸਿਓਂ ਟੱਕਰ ਕਾਰਨ ਉਕਤ ਕਾਰ ਅੱਗਿਓਂ ਅਤੇ ਪਿੱਛਿਓਂ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਚਾਲਕ ਔਰਤ ਕਾਰ ਦੇ ਅੰਦਰ ਕਰੀਬ ਅੱਧੇ ਘੰਟੇ ਤੱਕ ਫਸੀ ਰਹੀ। ਮੌਕੇ ''ਤੇ ਪਹੁੰਚੇ ਸੰਕਟਕਾਲੀਨ ਅਮਲੇ ਦੇ ਮੈਂਬਰਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ। ਇਹ ਮੰਨਿਆ ਜਾ ਰਿਹਾ ਸੀ ਕਿ ਔਰਤ ਨਹੀਂ ਬਚੇਗੀ ਪਰ ਇਹ ਉਸ ਦੀ ਕਿਸਮਤ ਸੀ ਕਿ ਇੰਨੇ ਭਿਆਨਕ ਹਾਦਸੇ ਤੋਂ ਬਾਅਦ ਵੀ ਉਸ ਦੇ ਸਾਹ ਰੁਕੇ ਨਹੀਂ। ਉੱਧਰ ਇਸ ਹਾਦਸੇ ''ਚ ਦੋ ਹੋਰ ਔਰਤਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਫਿਲਹਾਲ ਜਾਂਚ ਕਰਤਾ ਇਸ ਘਟਨਾ ਦੀ ਜਾਂਚ ਕਰ ਰਹੇ ਹਨ।