ਸੜਕ ਹਾਦਸਾ ਮਾਮਲਾ : ਅਮਰੀਕੀ ਡਿਪਲੋਮੈਟ ''ਤੇ ਮੁਕੱਦਮਾ ਚਲਾਉਣ ਬਾਰੇ ਚਰਚਾ ਜਾਰੀ

04/11/2018 3:50:23 PM

ਇਸਲਾਮਾਬਾਦ (ਭਾਸ਼ਾ)— ਇਕ ਅੰਗਰੇਜੀ ਅਖਬਾਰ ਮੁਤਾਬਕ ਸੜਕ ਹਾਦਸੇ ਵਿਚ ਸ਼ਾਮਲ ਅਮਰੀਕਾ ਦੇ ਇਕ ਸੀਨੀਅਰ ਡਿਪਲੋਮੈਟ ਵਿਰੁੱਧ ਪਾਕਿਸਤਾਨ ਜਾਂ ਉਨ੍ਹਾਂ ਦੇ ਆਪਣੇ ਦੇਸ਼ ਵਿਚ ਮੁਕੱਦਮਾ ਚਲਾਇਆ ਜਾ ਸਕਦਾ ਹੈ। ਅਮਰੀਕਾ ਦੂਤਘਰ ਵਿਚ ਰੱਖਿਆ ਅਤੇ ਏਅਰ ਅਤਾਸ਼ੇ ਕਰਨਲ ਜੋਸੇਫ ਇਮੈਨੁਅਲ ਤੇਜ਼ ਗਤੀ ਨਾਲ ਆਪਣੀ ਗੱਡੀ ਚਲਾਉਂਦੇ ਹੋਏ ਲਾਲ ਬੱਤੀ ਪਾਰ ਕਰ ਗਏ ਅਤੇ ਬਾਈਕ ਸਵਾਰ ਦੋ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸਲਾਮਾਬਾਦ ਦੇ ਦਮਨ-ਏ-ਕੋਹ ਵਿਚ ਸ਼ਨੀਵਾਰ ਨੂੰ ਹੋਏ ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖਮੀ ਹੋ ਗਿਆ। ਖਬਰ ਮੁਤਾਬਕ ਅਮਰੀਕੀ ਦੂਤਘਰ ਨੇ ਪੁਸ਼ਟੀ ਕੀਤੀ ਹੈ ਕਿ ਇਸ ਮਾਮਲੇ ਵਿਚ ਦੋਸ਼ੀ ਨੂੰ ਪਾਕਿਸਤਾਨ ਵਿਚ ਡਿਪਲੋਮੈਟਿਕ ਛੋਟ ਮਿਲੀ ਹੈ ਪਰ ਅਮਰੀਕੀ ਅਦਾਲਤ ਵਿਚ ਉਸ ਵਿਰੁੱਧ ਮੁਕੱਦਮਾ ਚਲਾਇਆ ਜਾ ਸਕਦਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਪਰਾਧ ਦਾ ਇਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਡਿਪਲੋਮੈਟ ਨੂੰ ਗ੍ਰਿਫਤਾਰੀ ਅਤੇ ਹਿਰਾਸਤ ਵਿਚ ਲਏ ਜਾਣ ਤੋਂ ਛੋਟ ਮਿਲੀ ਹੋਈ ਹੈ ਪਰ ਮੁਕੱਦਮਾ ਚਲਾਏ ਜਾਣ ਦੀ ਛੋਟ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਅਮਰੀਕੀ ਦੂਤਘਰ 'ਤੇ ਨਿਰਭਰ ਕਰਦਾ ਹੈ ਕਿ ਉਹ ਮਾਮਲੇ ਦੀ ਸੁਣਵਾਈ ਸਥਾਨਕ ਅਦਾਲਤਾਂ ਵਿਚ ਕਰਵਾਏ ਜਾਂ ਆਪਣੇ ਦੇਸ਼ ਵਿਚ ਕਰਵਾਏ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਇਕ ਮਾਮਲਾ ਦਰਜ ਕੀਤਾ ਹੈ ਅਤੇ ਇਸ ਨੂੰ ਪਾਕਿਸਤਾਨੀ ਵਿਦੇਸ਼ ਦਫਤਰ ਨੂੰ ਭੇਜ ਦਿੱਤਾ ਗਿਆ ਹੈ। ਜੋ ਇਸ ਨੂੰ ਇਸਲਾਮਾਬਾਦ ਸਥਿਤ ਅਮਰੀਕੀ ਦੂਤਘਰ ਭੇਜੇਗਾ। ਦੂਤਘਰ ਇਹ ਤੈਅ ਕਰੇਗਾ ਕਿ ਸੁਣਵਾਈ ਕਿੱਥੇ ਕੀਤੀ ਜਾਵੇ।