ਠੰਡੇ ਮੌਸਮ 'ਚ ਜ਼ਿਆਦਾ ਸਮੇਂ ਤੱਕ ਹਵਾ 'ਚ ਜਿਊਂਦੇ ਰਹਿੰਦੇ ਨੇ ਕੋਰੋਨਾ ਦੇ ਕਣ : ਮਾਹਿਰ

01/06/2021 3:48:24 PM

ਓਟਾਵਾ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਲੱਗੀ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ। ਮਹਾਮਾਰੀ ਸਬੰਧੀ ਜਾਣਕਾਰੀ ਰੱਖਣ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਠੰਡ ਕਾਰਨ ਵਾਇਰਸ ਹੋਰ ਤੇਜ਼ੀ ਨਾਲ ਫੈਲ ਰਿਹਾ ਹੈ ਜਦਕਿ ਗਰਮੀਆਂ ਵਿਚ ਵਾਇਰਸ ਇੰਨੀ ਤੇਜ਼ੀ ਨਾਲ ਨਹੀਂ ਫੈਲ ਰਿਹਾ ਸੀ। ਟੋਰਾਂਟੋ ਯੂਨੀਵਰਸਿਟੀ ਦੇ ਪ੍ਰੋਫੈਸਰ ਕੋਲਿਨ ਫਰਨੈੱਸ ਨੇ ਦੱਸਿਆ ਕਿ ਗਰਮ ਮੌਸਮ ਵਿਚ ਕੋਰੋਨਾ ਪੀੜਤ ਦੇ ਖੰਘਣ ਜਾਂ ਛਿੱਕਣ ਨਾਲ ਜਦ ਥੁੱਕ ਦੀਆਂ ਬੂੰਦਾਂ ਡਿੱਗਦੀਆਂ ਹਨ ਤਾਂ ਇਹ ਤੇਜ਼ੀ ਨਾਲ ਜ਼ਮੀਨ ਜਾਂ ਕਿਸੇ ਚੀਜ਼ ਨੂੰ ਚਿਪਕ ਜਾਂਦੀਆਂ ਹਨ ਜਦਕਿ ਠੰਡ ਵਿਚ ਅਜਿਹਾ ਨਹੀਂ ਹੁੰਦਾ। ਠੰਡ ਵਿਚ ਇਹ ਬੂੰਦਾਂ ਲੰਬੇ ਸਮੇਂ ਤੱਕ ਹਵਾ ਵਿਚ ਘੁੰਮਦੀਆਂ ਰਹਿੰਦੀਆਂ ਹਨ ਤੇ ਜਦ ਕੋਈ ਇਨ੍ਹਾਂ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਹ ਕੋਰੋਨਾ ਦਾ ਸ਼ਿਕਾਰ ਹੋ ਜਾਂਦਾ ਹੈ। 

ਇਸ ਦੇ ਇਲਾਵਾ ਠੰਡ ਵਿਚ ਗਲਾ ਤੇ ਨੱਕ ਖੁਸ਼ਕ ਹੋ ਜਾਂਦੇ ਹਨ ਤੇ ਹਵਾ ਸਾਫ਼ ਹੋ ਕੇ ਸਾਡੇ ਸਰੀਰ ਅੰਦਰ ਨਹੀਂ ਜਾਂਦੀ। ਕਈ ਵਾਰ ਨੱਕ ਬੰਦ ਹੋਣ ਕਾਰਨ ਕੁੱਝ ਲੋਕ ਮੂੰਹ ਨਾਲ ਸਾਹ ਲੈਣ ਲੱਗ ਜਾਂਦੇ ਹਨ ਤੇ ਇਸ ਕਾਰਨ ਉਹ ਲੋਕ ਜਲਦੀ ਕੋਰੋਨਾ ਦੇ ਸੰਪਰਕ ਵਿਚ ਆ ਜਾਂਦੇ ਹਨ। ਇਸੇ ਲਈ ਲੋਕਾਂ ਨੂੰ ਮਾਸਕ ਪਾ ਕੇ ਹੀ ਰੱਖਣਾ ਚਾਹੀਦਾ ਹੈ ਤੇ ਇਸ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਹੀਂ ਵਰਤਣੀ ਚਾਹੀਦੀ। 
 
ਦੱਸ ਦਈਏ ਕਿ ਮੰਗਲਵਾਰ ਨੂੰ ਓਂਟਾਰੀਓ ਸੂਬੇ ਵਿਚ ਕੋਰੋਨਾ ਦੇ 3,128 ਮਾਮਲੇ ਦਰਜ ਹੋਏ ਹਨ ਤੇ ਇਸ ਦੌਰਾਨ ਹੋਰ 51 ਲੋਕਾਂ ਦੀ ਮੌਤ ਹੋ ਗਈ। ਟੋਰਾਂਟੋ ਵਿਚ ਬੀਤੇ 24 ਘੰਟਿਆਂ ਦੌਰਾਨ 778, ਪੀਲ ਵਿਚ 614, ਯਾਰਕ ਰੀਜਨ ਵਿਚ 213, ਦੁਰਹਾਮ ਵਿਚ 172 ਅਤੇ ਹਮਿਲਟਨ ਵਿਚ 151 ਮਾਮਲੇ ਦਰਜ ਹੋਏ ਹਨ। 

Lalita Mam

This news is Content Editor Lalita Mam