ਗਲਾਸਗੋ ਦੀਆਂ ਬੱਸ ਸੇਵਾਵਾਂ ਤੋਂ ਜ਼ਿਆਦਾਤਰ ਵਸਨੀਕ ਅਸੰਤੁਸ਼ਟ

02/08/2021 2:27:34 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਵਸਨੀਕ ਸ਼ਹਿਰ ਦੀ ਬੱਸ ਸੇਵਾ ਤੋਂ ਸੰਤੁਸ਼ਟ ਨਹੀਂ ਹਨ। ਗਲਾਸਗੋ ਵਾਸੀ ਪ੍ਰਾਈਵੇਟ ਬੱਸ ਕੰਪਨੀਆਂ ਪ੍ਰਤੀ ਘੱਟ ਰੁਝਾਨ ਦਿਖਾ ਰਹੇ ਹਨ। ਇਸ ਸੰਬੰਧੀ ਸ਼ਹਿਰ ਦੇ ਲੇਬਰ ਸਮੂਹ ਦੇ ਡਿਪਟੀ ਲੀਡਰ ਅਨੁਸਾਰ ਟ੍ਰਾਂਸਪੋਰਟ ਸੰਬੰਧੀ ਕੀਤੀ ਗੱਲਬਾਤ ਦੌਰਾਨ ਸਾਹਮਣੇ ਆਇਆ ਕਿ ਸਿਰਫ 16 ਫ਼ੀਸਦੀ ਲੋਕਾਂ ਲਈ ਬੱਸ ਸੇਵਾਵਾਂ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦੀਆਂ ਹਨ। 

ਜ਼ਿਕਰਯੋਗ ਹੈ ਕਿ ਗਲਾਸਗੋ ਸਿਟੀ ਕੌਂਸਲ ਨੇ ਪਿਛਲੇ ਸਾਲ ਸ਼ਹਿਰ ਵਿੱਚ ਆਵਾਜਾਈ ਦੇ ਭਵਿੱਖ ਬਾਰੇ ਵਿਚਾਰਾਂ ਲਈ ਇੱਕ ਸਰਵੇਖਣ ਦੌਰਾਨ ‘ਜਨਤਕ ਗੱਲਬਾਤ’ ਕੀਤੀ ਸੀ, ਜਿਸ ਵਿੱਚ ਨਿਵਾਸੀਆਂ, ਨਿਯਮਤ ਸੈਲਾਨੀ ਅਤੇ ਸਮੂਹਾਂ ਦੁਆਰਾ ਲੱਗਭਗ 2899 ਉੱਤਰ ਅਤੇ ਸੁਝਾਅ ਪ੍ਰਾਪਤ ਹੋਏ ਸਨ। ਇਸ ਸਰਵੇ ਵਿੱਚ ਸਿਰਫ 16 ਫ਼ੀਸਦੀ ਉੱਤਰਦਾਤਾ ਬੱਸ ਸੇਵਾਵਾਂ ਤੋਂ ਸੰਤੁਸ਼ਟ ਸਨ ਜਦਕਿ 64% ਸੇਵਾਵਾਂ ਨਾਲ ਅਸੰਤੁਸ਼ਟ ਸਨ। ਇਸ ਦੇ ਮੁਕਾਬਲੇ 42 ਫ਼ੀਸਦੀ ਲੋਕ ਰੇਲ ਗੱਡੀਆਂ ਅਤੇ 32 ਫ਼ੀਸਦੀ ਸਬਵੇਅ ਦੀ ਆਵਾਜਾਈ ਦੇ ਹੱਕ ਵਿਚ ਸਨ। 

ਸ਼ਹਿਰ ਦੀ ਸਭ ਤੋਂ ਵੱਡੀ ਬੱਸ ਕੰਪਨੀ ਫਸਟ ਗਲਾਸਗੋ ਦੇ ਆਪ੍ਰੇਸ਼ਨ ਡਾਇਰੈਕਟਰ ਡੰਕਨ ਕੈਮਰਨ  ਅਨੁਸਾਰ ਬੱਸਾਂ ਦੀ ਵਰਤੋਂ ਨੂੰ ਪ੍ਰਭਾਵਤ ਕਰਨ ਵਾਲੇ ਬਹੁਤ ਸਾਰੇ ਕਾਰਕ ਚਾਲਕਾਂ ਦੇ ਨਿਯੰਤਰਣ ਤੋਂ ਬਾਹਰ ਹਨ ਅਤੇ ਉਨ੍ਹਾਂ ਦੀ ਫਰਮ ਨੇ ਪਿਛਲੇ ਦੋ ਸਾਲਾਂ ਦੌਰਾਨ ਬੱਸ ਸੇਵਾ ਵਿਚ ਸੁਧਾਰ ਕਰਨ ਲਈ 32 ਮਿਲੀਅਨ ਪੌਂਡ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਇਸ ਦੇ ਇਲਾਵਾ ਸਕਾਟਿਸ਼ ਸਰਕਾਰ ਦੁਆਰਾ ਪਿਛਲੇ ਸਾਲ ਨਵੰਬਰ ਵਿਚ ਲਾਂਚ ਕੀਤੀ ਗਈ 500 ਮਿਲੀਅਨ ਪੌਂਡ ਦੀ ਬੱਸ ਭਾਈਵਾਲੀ ਫੰਡ ਦੀ ਬੋਲੀ 'ਤੇ ਵੀ ਕੰਮ ਚੱਲ ਰਿਹਾ ਹੈ। ਇਸ ਫੰਡਿੰਗ ਬੱਸ ਸੁਧਾਰਾਂ ਜਿਵੇਂ ਕਿ ਭੀੜ ਨਾਲ ਨਜਿੱਠਣ, ਪੌਪ-ਅਪ ਲੇਨ 'ਤੇ ਵਰਤੀ ਜਾਵੇਗੀ। ਗਲਾਸਗੋ ਲੇਬਰ ਦੇ ਡਿਪਟੀ ਲੀਡਰ ਕੌਂਸਲਰ ਈਵਾ ਮਰੇ ਨੇ ਦੱਸਿਆ ਕਿ ਇਸ ਸਰਵੇ ਦੇ ਦੌਰਾਨ ਬੱਸਾਂ ਸੰਬੰਧੀ ਘਟਦੇ ਰੁਝਾਨ ਦੇ ਮੁੱਖ ਕਾਰਨਾਂ ਵਿਚ ਘੱਟ ਭਰੋਸੇਯੋਗਤਾ, ਵੱਧ ਕਿਰਾਇਆ, ਸ਼ਹਿਰ ਨੂੰ ਕਵਰ ਕਰਦੇ ਰੂਟਾਂ ਦੀ ਘਾਟ ਆਦਿ ਸਾਹਮਣੇ ਆਏ ਹਨ।
 

Lalita Mam

This news is Content Editor Lalita Mam