ਬ੍ਰਿਸਬੇਨ ’ਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ

04/22/2018 6:50:25 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਬ੍ਰਿਸਬੇਨ ਸਿੱਖ ਕਮਿਊਨਿਟੀ ਵੈੱਲਫ਼ੇਅਰ ਐਸੋਸੀਏਸ਼ਨ, ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ, ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ ਟਾਈਗਮ, ਗੁਰੂ ਨਾਨਕ ਸਿੱਖ ਟੈਂਪਲ ਇਨਾਲਾ, ਗੋਲਡ ਕੋਸਟ ਦੇ ਦੋਵੇਂ ਗੁਰਦੁਆਰਾ ਸਾਹਿਬ ਤੇ ਖਾਲਸਾ ਕੌਮੀ ਸ਼ਹੀਦਾਂ ਗੁਰਦੁਆਰਾ ਸਾਹਿਬ ਮਕੈੱਨਜ਼ੀ, ਕੁਈਨਜ਼ਲੈਂਡ ਟੈਕਸੀ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਬ੍ਰਿਸਬੇਨ ਸ਼ਹਿਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ।

ਕੁਈਨਜ਼ਲੈਂਡ ਦੀ ਸੰਸਦ ਭਵਨ ਦੇ ਬਾਹਰ ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ ਕਰਨ ਉਪਰੰਤ ਬਹੁਤ ਹੀ ਸ਼ਾਨਦਾਰ ਢੰਗ ਨਾਲ ਫੁੱਲਾਂ ਨਾਲ ਸਜਾਈ ਹੋਈ ਪਾਲਕੀ ਤੇ ਟਰੱਕ ’ਤੇ ਸੁਸ਼ੋਭਿਤ ਜੁਗੋ-ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ, ਨਿਸ਼ਾਨਚੀ ਸਿੰਘਾਂ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਖਾਲਸੇ ਦੇ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ। ਖਾਲਸਾਈ ਰੰਗ ਵਿੱਚ ਰੰਗੀਆਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾ ਦੇ ਠਾਠਾਂ ਮਾਰਦੇ ਹੋਏ ਇਕੱਠ ਵਿੱਚ ਨਗਰ ਕੀਰਤਨ ਸ਼ਹਿਰ ਦੇ ਮੁੱਖ ਪੜਾਵਾਂ ਤੋ ਹੁੰਦਾ ਹੋਇਆ ਪਾਰਕਲੈਂਡ ਵਿਖੇ ਸਮਾਪਤ ਹੋਇਆ, ਸਥਾਨਕ ਤੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਬਹੁਤ ਹੀ ਉਤਸ਼ਾਹ ਨਾਲ ਇਹ ਸਾਰਾ ਅਲੌਕਿਕ ਨਜ਼ਾਰਾ ਵੇਖ ਰਹੇ ਸਨ।

ਗੁਰੂ ਦੀਆਂ ਲਾਡਲੀਆਂ ਫੌਜਾਂ ਵਲੋਂ ਵਿਖਾਏ ਗਏ ਗੱਤਕਾਂ ਦੇ ਕਰਤੱਵ ਖਿੱਚ ਦਾ ਕੇਦਰ ਬਣੇ ਰਹੇ। ਇਸ ਮੌਕੇ ਵੱਖ-ਵੱਖ ਕਥਾ ਵਾਚਕਾਂ, ਢਾਡੀਆਂ ਤੇ ਰਾਗੀ ਜੱਥਿਆਂ ਵਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ, ਵੀਰ ਰਸੀ ਵਾਰਾਂ ਦੁਆਰਾ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਮਹੱਤਤਾ ਤੇ ਇਤਿਹਾਸ ਬਾਰੇ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ, ਬ੍ਰਿਸਬੇਨ ਸਿਟੀ ਕੌਂਸਲ ਤੇ ਪੁਲਸ ਵਲੋਂ ਨਗਰ ਕੀਰਤਨ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਸੁਰੱਖਿਆ ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ।

ਸੈਂਕੜੇ ਸੇਵਾਦਾਰਾਂ ਵਲੋਂ ਨਗਰ ਕੀਰਤਨ ਵਿੱਚ ਲੰਗਰ ਤੇ ਸਫਾਈ ਦੀ ਵਡਮੁੱਲੀ ਸੇਵਾਂ ਨਿਭਾਈ ਗਈ। ਪ੍ਰਧਾਨ ਜਸਜੋਤ ਸਿੰਘ, ਜਗਦੀਪ ਸਿੰਘ, ਨੈੱਸ਼ ਦੁਸਾਂਝ ਤੇ ਰਣਦੀਪ ਸਿੰਘ ਜੌਹਲ, ਮਨਦੀਪ ਸਿੰਘ ਤੇ ਸੁਖਰਾਜ ਸਿੰਘ, ਅਵਨਿੰਦਰ ਸਿੰਘ ਲਾਲੀ ਆਦਿ ਵਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸੰਸਦ ਮੈਂਬਰਾਂ , ਲਾਰਡ ਮੇਅਰ, ਪ੍ਰਸਾਸ਼ਨ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਭਾਰੀ ਗਿਣਤੀ ਵਿੱਚ ਦੂਰ-ਦੁਰਾਡੇ ਤੋਂ ਨਗਰ ਕੀਰਤਨ ਵਿੱਚ ਹਾਜ਼ਰ ਹੋਈਆਂ ਸੰਗਤਾਂ ਤੇ ਸੇਵਦਾਰਾਂ ਦਾ ਧੰਨਵਾਦ ਕੀਤਾ।