ਇਟਲੀ ''ਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਸੰਗਤਾਂ ਨਿਰਾਸ਼ ਨਾ ਹੋਣ : ਭਾਈ ਰਵਿੰਦਰਜੀਤ ਸਿੰਘ

12/29/2020 1:41:35 PM

ਮਿਲਾਨ, (ਸਾਬੀ ਚੀਨੀਆ)- ਆਸਟੇਰੀਆ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਮਿਲਣ ਉਪਰੰਤ ਇਟਲੀ ਦੇ ਸਿੱਖਾਂ ਵਲੋ ਸ਼ੋਸ਼ਲ ਮੀਡੀਏ ਰਾਹੀਂ ਸਥਾਨਕ ਸਿੱਖ ਆਗੂਆਂ ਦੀ ਅਗਵਾਈ ਅਤੇ ਕਾਬਲੀਅਤ ਸਵਾਲੀਆਂ ਚਿੰਨ੍ਹ ਲੱਗਣ ਤੋਂ ਬਾਅਦ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਮੌਜੂਦਾ ਪ੍ਰਧਾਨ ਭਾਈ ਰਵਿੰਦਰਜੀਤ ਸਿੰਘ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਵਲੋ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਲਈ ਸੰਗਤਾਂ ਨੂੰ ਨਿਰਾਸ਼ਾਵਾਦੀ ਹੋਣ ਦੀ ਲੋੜ ਨਹੀਂ ਸਗੋਂ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰੋ ਕਿ ਸਾਰੇ ਕਾਰਜ ਜਲਦ ਤੋਂ ਜਲਦ ਨੇਪਰੇ ਚੜ੍ਹ ਸਕਣ।

ਰਜਿਸਟ੍ਰੇਸ਼ਨ ਨੂੰ ਲੈ ਕੇ ਲੱਗ ਰਹੇ ਲੰਮੇ ਸਮੇਂ ਦੇ ਸਵਾਲ ਦਾ ਜਵਾਬ ਦਿੰਦਿਆ ਉਨ੍ਹਾਂ ਦੱਸਿਆ ਕਿ ਆਸਟੇਰੀਆ ਵਿਚ ਸਿਰਫ 7 ਗੁਰਦੁਆਰਾ ਸਾਹਿਬ ਹਨ, ਜਦ ਕਿ ਇਟਲੀ ਵਿਚ 70 ਤੋਂ ਵੀ ਵੱਧ ਗੁਰਦੁਆਰਾ ਸਾਹਿਬ ਹਨ ਤੇ ਸੰਗਤਾਂ 'ਚ ਆਪਸੀ ਸਹਿਮਤੀ ਹੋਣੀ ਬਹੁਤ ਜਰੂਰੀ ਹੈ। ਜੇ ਸਿੱਖ ਸੰਗਤਾਂ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿਚ ਆਪਸੀ ਏਕਾ ਅਤੇ ਪਿਆਰ ਬਣਿਆ ਰਹੇਗਾ ਤਾਂ ਇਸ ਕਾਰਜ ਨੂੰ ਬਹੁਤੀ ਦੇਰ ਨਹੀਂ ਲੱਗਣੀ। 

ਇਟਾਲੀਅਨ ਸਰਕਾਰ ਵੱਲੋਂ ਸਿੱਖ ਸੰਵਿਧਾਨ ਵਿਚ ਇਕ ਤੋਂ ਵੱਧ ਵਾਰ ਸੋਧਾਂ ਕਰਨ ਦੇ ਕਾਰਨ ਦੇਰੀ ਜ਼ਰੂਰ ਹੋ ਰਹੀ ਹੈ ਪਰ ਇਸ ਲਈ ਨਿਰਾਸ਼ਾਵਾਦੀ ਹੋਣ ਦੀ ਕੋਈ ਲੋੜ ਨਹੀਂ। ਉਹ ਇਟਲੀ ਦੀ ਸਿੱਖ ਸੰਗਤ ਵੱਲੋਂ ਬਖਸ਼ਿਸ਼ ਕੀਤੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਨੇ ਤੇ ਨਿਭਾਉਂਦੇ ਰਹਿਣਗੇ। ਸਿੱਖ ਸੰਗਤਾਂ ਭਾਈਚਾਰਕ ਸਾਂਝ ਬਣਾ ਕੇ ਰੱਖਣ ਤੇ ਧਰਮ ਰਜਿਸਟਰਡ ਕਰਵਾਉਣ ਬਣੀ ਕਮੇਟੀ ਤੇ ਪ੍ਰਬੰਧਕਾਂ ਦਾ ਸਾਥ ਦੇਣ।

Lalita Mam

This news is Content Editor Lalita Mam