ਗਰਭ ਧਾਰਨ ਕਰਨ ''ਚ ਮਦਦਗਾਰ ਹੈ ਰੈੱਡ ਵਾਈਨ

10/29/2017 3:57:47 AM

ਵਾਸ਼ਿੰਗਟਨ - ਜੇ ਤੁਸੀਂ ਪਰਿਵਾਰ 'ਚ ਨਵਾਂ ਮਹਿਮਾਨ ਲਿਆਉਣ ਦੀ ਸੋਚ ਰਹੇ ਹੋ ਤਾਂ ਰੈੱਡ ਵਾਈਨ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਇਕ ਹਾਲ ਹੀ ਦੀ ਸਟੱਡੀ ਤੋਂ ਪਤਾ ਲੱਗਾ ਹੈ ਕਿ ਹਫਤੇ 'ਚ ਘੱਟ ਤੋਂ ਘੱਟ ਇਕ ਵਾਰ ਰੈੱਡ ਵਾਈਨ ਪੀਣ ਨਾਲ ਗਰਭ ਧਾਰਨ ਕਰਨ ਦੀ ਸੰਭਾਵਨਾ ਵਧ ਜਾਂਦੀ ਹੈ।
ਸਟੱਡੀ 'ਚ ਰੈੱਡ ਵਾਈਨ ਅਤੇ ਹੈਲਦੀ ਓਵਰੀਜ਼ ਵਿਚਾਲੇ ਸਬੰਧ ਦਾ ਪਤਾ ਲੱਗਾ ਹੈ। ਇਹ ਸਟੱਡੀ ਯੂ. ਐੱਸ. ਦੇ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਨੇ ਕੀਤੀ ਹੈ। ਸਟੱਡੀ ਕਰਨ ਵਾਲੀ ਟੀਮ ਨੇ 18 ਤੋਂ 44 ਸਾਲ ਦੀ ਉਮਰ ਵਿਚਾਲੇ 135 ਔਰਤਾਂ ਦੀ ਪ੍ਰਜਣਨ ਸਮਰਥਾ 'ਤੇ ਅਲਕੋਹਲ ਦੇ ਪ੍ਰਭਾਵ ਦਾ ਅਧਿਐਨ ਕੀਤਾ। ਐਂਟ੍ਰਲ ਫੋਲੀਕਲ ਕਾਊਂਟ (ਏ. ਐੱਫ. ਸੀ.) ਔਰਤਾਂ ਦੀ ਪ੍ਰਜਣਨ ਸਮਰਥਾ ਦਾ ਮੁਲਾਂਕਣ ਕਰਨ ਦਾ ਇਕ ਤਰੀਕਾ ਹੈ। 30 ਦੀ ਉਮਰ ਦੀਆਂ ਔਰਤਾਂ ਲਈ ਇਸਦੀ ਆਮ ਗਿਣਤੀ 12 ਜਾਂ 13 ਹੈ ਪਰ ਵਧਦੀ ਉਮਰ ਦੇ ਨਾਲ ਇਹ ਘੱਟ ਹੁੰਦੀ ਜਾਂਦੀ ਹੈ। ਸਟੱਡੀ ਵਿਚ ਪਾਇਆ ਗਿਆ ਕਿ ਜੋ ਔਰਤਾਂ ਕੁਝ ਮਾਤਰਾ ਵਿਚ ਰੈੱਡ ਵਾਈਨ ਪੀਂਦੀਆਂ ਹਨ, ਉਨ੍ਹਾਂ ਦਾ ਓਵੇਰੀਅਨ ਰਿਜ਼ਰਵ ਕਾਫੀ ਚੰਗਾ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ ਇਹ ਰਿਸਵੇਰਾਟਰੋਲ ਨਾਂ ਦੇ ਕੰਪਾਊਂਡ ਕਾਰਨ ਹੋ ਸਕਦਾ ਹੈ, ਜੋ ਰੈੱਡ ਵਾਈਨ ਵਿਚ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ।