ਗੈਬੋਨ : ਚੋਣਾਂ ’ਚ ਜੇਤੂ ਐਲਾਨੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਰਾਸ਼ਟਰਪਤੀ ਦਾ ਤਖ਼ਤਾਪਲਟ

08/31/2023 3:31:47 PM

ਲਿਬਰੇਵਿਲੇ/ਗੈਬੋਨ (ਭਾਸ਼ਾ)- ਮੱਧ ਅਫ਼ਰੀਕੀ ਦੇਸ਼ ਗੈਬੋਨ ਵਿੱਚ ਤਖ਼ਤਾਪਲਟ ਕਰਨ ਵਾਲੇ ਬਾਗੀ ਸਿਪਾਹੀਆਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਅਲੀ ਬੋਂਗੋ ਓਂਡਿੰਬਾ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਓਂਡਿੰਬਾ ਨੂੰ ਰਾਸ਼ਟਰਪਤੀ ਚੋਣਾਂ ਵਿੱਚ ਜੇਤੂ ਐਲਾਨੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਫੌਜ ਨੇ ਤਖਤਾਪਲਟ ਦਾ ਦਾਅਵਾ ਕੀਤਾ। ਓਂਡਿੰਬਾ ਪਰਿਵਾਰ ਨੇ ਪਿਛਲੇ 55 ਸਾਲਾਂ ਤੋਂ ਤੇਲ ਨਾਲ ਭਰਪੂਰ ਇਸ ਦੇਸ਼ ’ਤੇ ਰਾਜ ਕੀਤਾ ਹੈ। ਫੌਜੀ ਤਖ਼ਤਾਪਲਟ ਦੀ ਕੋਸ਼ਿਸ਼ ਦੌਰਾਨ ਪਹਿਲੀ ਵਾਰ ਜਨਤਕ ਤੌਰ ’ਤੇ ਸਾਹਮਣੇ ਆਏ ਰਾਸ਼ਟਰਪਤੀ ਓਂਡਿੰਬਾ ਨੇ ਜਨਤਾ ਨੂੰ ਇਸ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ। ਹਾਲਾਂਕਿ, ਜਨਤਾ ਰਾਜਧਾਨੀ ਦੀਆਂ ਸੜਕਾਂ ’ਤੇ ਰਾਸ਼ਟਰੀ ਗੀਤ ਗਾ ਕੇ ਉਨ੍ਹਾਂ ਦੀ ਬੇਦਖਲੀ ਦਾ ਜਸ਼ਨ ਮਨਾਉਂਦੀ ਦਿਖਾਈ ਦਿੱਤੀ।

ਓਂਡਿੰਬਾ ਦੇ ਪਰਿਵਾਰ ’ਤੇ ਦੇਸ਼ ਦੇ ਸਰੋਤਾਂ ਤੋਂ ਪ੍ਰਾਪਤ ਦੌਲਤ ਨਾਲ ਅਮੀਰ ਬਣਨ ਦਾ ਦੋਸ਼ ਹੈ, ਜਦਕਿ ਦੇਸ਼ ਦੇ ਬਹੁਤ ਸਾਰੇ ਨਾਗਰਿਕ ਬੁਨਿਆਦੀ ਸਰੋਤਾਂ ਲਈ ਵੀ ਸੰਘਰਸ਼ ਕਰ ਰਹੇ ਹਨ। ਰਾਸ਼ਟਰਪਤੀ ਚੋਣ, ਜਿਸ ਵਿਚ ਓਂਡਿੰਬਾ ਨੂੰ ਜੇਤੂ ਐਲਾਨਿਆ ਸੀ, ਦੀ ਅੰਤਰਰਾਸ਼ਟਰੀ ਨਿਰੀਖਕਾਂ ਦੁਆਰਾ ਆਲੋਚਨਾ ਕੀਤੀ ਗਈ ਸੀ ਅਤੇ ਨਤੀਜਿਆਂ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਫੌਜ ਦੁਆਰਾ ਤਖਤਾਪਲਟ ਦੀ ਕੋਸ਼ਿਸ਼ ਕੀਤੀ। ਚੋਣ ਨਤੀਜਿਆਂ ਦੇ ਐਲਾਨ ਦੇ ਕੁਝ ਮਿੰਟਾਂ ਦੇ ਅੰਦਰ ਹੀ ਰਾਜਧਾਨੀ ਲਿਬਰੇਵਿਲੇ ਦੇ ਮੁੱਖ ਹਿੱਸੇ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਬਾਅਦ ਵਿੱਚ ਵਰਦੀ ਵਿੱਚ ਇੱਕ ਦਰਜਨ ਸਿਪਾਹੀ ਸਰਕਾਰੀ ਟੈਲੀਵਿਜ਼ਨ ’ਤੇ ਦਿਖਾਈ ਦਿੱਤੇ ਅਤੇ ਐਲਾਨ ਕੀਤਾ ਕਿ ਉਨ੍ਹਾਂ ਨੇ ਤਖਤਾਪਲਟ ਕਰਦਿਆਂ ਸੱਤਾ 'ਤੇ ਕਬਜ਼ਾ ਕਰ ਲਿਆ।

cherry

This news is Content Editor cherry