ਆਪਣੀ ਮਾਂ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਰਣਵੀਰ ਔਜਲਾ ਨੂੰ ਹੋਈ ਸਜ਼ਾ

06/09/2017 3:44:53 PM

ਲੰਡਨ (ਰਾਜਵੀਰ ਸਮਰਾ)— ਬਰੈਡਫੋਰਡ ਸ਼ਹਿਰ ’ਚ ਇਕ ਪੰਜਾਬੀ ਨੌਜਵਾਨ ਨੂੰ ਸ਼ਰਾਬੀ ਹਾਲਤ ’ਚ ਆਪਣੀ ਹੀ ਮਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ, ਜਿਸ ਤੋਂ ਡਰ ਕੇ ਮਾਂ ਨੇ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਣ ਬਚਾਈ ਸੀ। ਉਸੇ ਦੋਸ਼ ਦੇ ਸਬੰਧ ’ਚ ਪੁੱਤਰ ਨੂੰ ਸਜ਼ਾ ਸੁਣਾਈ ਗਈ ਹੈ। ਬਰੈਡਫੋਰਡ ਕਰਾਊਨ ਕੋਰਟ ’ਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਬੀਬੀ ਰਜਿੰਦਰ ਕੌਰ ਨੇ ਚਾਕੂ ਲਹਿਰਾਉਦੇ ਆਪਣੇ ਪੁੱਤਰ ਰਣਵੀਰ ਔਜਲਾ (27) ਤੋਂ ਬਚਣ ਲਈ ਪਹਿਲੀ ਮੰਜ਼ਿਲ ਦੀ ਖਿੜਕੀ ਚੋ ਹੇਠਾਂ ਛਾਲ ਮਾਰ ਦਿੱਤੀ ਸੀ। ਘਟਨਾ ਦੌਰਾਨ ਪਹਿਲਾਂ ਰਣਵੀਰ ਨੇ ਅੱਧੀ ਰਾਤ ਤੋਂ ਬਾਅਦ ਆਪਣੀ ਮਾਂ ਨੂੰ ਖਾਣਾ ਪਕਾਉਣ ਲਈ ਉਠਾਇਆ ਸੀ, ਜਦੋਂ ਉਹ ਖਾਣਾ ਬਣਾ ਰਹੀ ਸੀ ਤਾਂ ਉਸ ਨੇ ਮਾਂ ’ਤੇ ਹਮਲਾ ਕੀਤਾ ਸੀ, ਜਿਸ ਕਾਰਨ ਮਾਂ ਨੇ ਡਰਦੇ ਮਾਰੇ 20 ਫੁੱਟ ਹੇਠਾਂ ਛਾਲ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਅਤੇ ਚੂਲੇ ਦੀ ਹੱਡੀ ਟੁੱਟ ਗਈਆਂ ਸਨ ਪਰ ਇਸ ਦੇ ਬਾਵਜੂਦ ਉਸ ਨੇ ਗੁਆਾਂਢੀਆਂ ਦੇ ਘਰ ਜਾ ਕਿ ਮਦਦ ਮੰਗੀ ਸੀ। ਪੁਲਸ ਨੇ ਆ ਕੇ ਮਾਂ ਨੂੰ ਜਖ਼ਮੀ ਹਾਲਤ ਵਿਚ ਲਹੂ-ਲੁਹਾਨ ਵੇਖਿਆ ਸੀ, ਜਦੋਂ ਕਿ ਔਜਲਾ ਆਪਣੀ ਮਾਂ ਦੇ ਲੀਡਜ਼ ਰੋਡ, ਐਕਲੇਸ ਹਿੱਲ ਸਥਿਤ ਘਰ ਵਿਚ ਸੋਫੇ ’ਤੇ ਬੈਠਾ ਮਿਲਿਆ ਸੀ। ਜਿਸ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਇਸ ਹਮਲੇ ਬਾਰੇ ਕੁਝ ਵੀ ਯਾਦ ਨਹੀਂ। ਉਸ ਨੇ ਆਪਣੀ ਮਾਂ ’ਤੇ ਹਮਲੇ ਸਬੰਧੀ ਦੋਸ਼ ਮੰਨ ਲਿਆ ਸੀ। ਅਦਾਲਤ ਨੇ ਉਸ ਨੂੰ 18 ਮਹੀਨੇ ਕੈਦ ਦੀ ਸਜ਼ਾ ਦੋ ਸਾਲ ਲਈ ਲਮਕਵੀਂ ਸੁਣਾਈ ਹੈ, ਜਿਸ ਦੌਰਾਨ ਔਜਲਾ ਨੂੰ 30 ਦਿਨਾਂ ਦੇ ਪੁਨਰ ਨਿਵਾਸ ਸਬੰਧੀ ਹੁਕਮ ਵੀ ਜਾਰੀ ਕੀਤੇ ਗਏ ਹਨ।