ਜਰਮਨ ਵਿਚ ਭਾਜਪਾ ਸਰਕਾਰ 'ਤੇ ਵਰ੍ਹੇ ਰਾਹੁਲ ਗਾਂਧੀ

08/25/2018 4:09:53 AM

ਮਿਲਾਨ, (ਸਾਬੀ ਚੀਨੀਆ)— ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ 5 ਦਿਨਾਂ ਦੇ ਵਿਦੇਸ਼ ਦੌਰੇ 'ਤੇ ਗਏ ਹੋਏ ਹਨ। ਪਹਿਲਾਂ ਉਹ ਜਰਮਨੀ 'ਚ ਲੋਕਾਂ ਦੇ ਰੂ-ਬ-ਰੂ ਹੋਏ ਤੇ ਹੁਣ ਉਹ ਇੰਗਲੈਂਡ ਚਲੇ ਗਏ ਹਨ। ਜਰਮਨੀ ਦੀ ਰਾਜਧਾਨੀ ਬਰਲਿਨ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਯੂਰਪ ਪੱਧਰ 'ਤੇ ਕਰਵਾਈ ਗਈ ਕਾਨਫਰੰਸ 'ਚ ਰਾਹੁਲ ਗਾਂਧੀ ਨੇ ਭਾਜਪਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਆਖਿਆ ਕਿ ਭਾਜਪਾ ਦੇਸ਼ ਦੇ ਲੋਕਾਂ ਨੂੰ ਆਪਸ ਵਿਚ ਲੜਾ ਕੇ ਧਰਮ ਦੇ ਨਾਂ 'ਤੇ ਰਾਜਨੀਤੀ ਕਰ ਰਹੀ ਹੈ, ਜਿਸ ਨਾਲ ਦੇਸ਼ ਦੀ ਜਨਤਾ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਰਵੀਂ ਜਨ ਸਭਾ ਨੂੰ ਸੰਬੋਧਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਜੀ “ਮਨ ਕੀ ਬਾਤ, ਵਰਗੇ ਕਈ ਡਰਾਮੇ ਕਰ ਰਹੇ ਹਨ ਜਦਕਿ ਸੱਚਾਈ ਇਹ ਹੈ ਕਿ ਲੋਕਾਂ ਨੂੰ ਉਨ੍ਹਾਂ ਨੂੰ ਸੁਣਨਾ ਬਿਲਕੁਲ ਚੰਗਾ ਨਹੀਂ ਲੱਗਦਾ ਉਹ ਤਾਂ ਸਿਰਫ ਲੋਕਾਂ ਨੂੰ ਧੱਕੇ ਨਾਲ ਸੁਣਾਉਣਾ ਅਤੇ ਡਰਾਉਣਾ ਜਾਣਦੇ ਹਨ।


ਰਾਹੁਲ ਨੇ ਆਪਣੇ ਆਪ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਪ੍ਰਸ਼ੰਸਕ ਦੱਸਦੇ ਹੋਏ ਆਖਿਆ ਕਿ ਉਹ ਸਿੱਖ ਕੌਮ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਵਿਦੇਸ਼ਾਂ ਵਿਚ ਰਹਿ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਭਾਰਤੀ ਵਸਨੀਕਾਂ ਨੂੰ ਸਲਾਮ ਕਰਦੇ ਹਨ। ਰਾਹੁਲ ਨੇ ਭਾਜਪਾ 'ਤੇ ਨਿਸ਼ਾਨਾ ਕੱਸਦੇ ਹੋਏ ਆਖਿਆ ਕਿ ਉਹ ਅਮੀਰ ਲੋਕਾਂ ਨੂੰ ਵੱਧ ਸਹੂਲਤਾਂ ਦੇ ਕੇ ਗਰੀਬਾਂ ਨੂੰ ਹੋਰ ਗਰੀਬ ਕਰ ਰਹੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਆਪਣੇ ਸੱਚੇ ਮਿੱਤਰ ਦੱਸਦੇ ਹੋਏ ਆਖਿਆ ਕਿ ਜਦ ਕਾਂਗਰਸ ਹਰ ਪਾਸੇ ਹਾਰ ਰਹੀ ਸੀ ਤਾਂ ਪੰਜਾਬੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾ ਕੇ ਕਾਂਗਰਸ ਦੇ ਸੱਚੇ ਦੋਸਤ ਹੋਣ ਦਾ ਸਬੂਤ ਦਿੱਤਾ।





ਮੈਡਮ ਪ੍ਰਨੀਤ ਕੌਰ ਨੇ ਆਖਿਆ ਕਿ ਉਹ ਐੱਨ. ਆਰ. ਆਈਜ਼ ਨੂੰ ਹਰ ਤਰ੍ਹਾਂ ਦੀ ਮੁਸੀਬਤ ਤੋਂ ਬਚਾਉਣ ਲਈ ਕਈ ਨਵੇਂ ਕਾਨੂੰਨ ਬਣਾ ਰਹੇ ਹਨ, ਜਿਨ੍ਹਾਂ ਦਾ ਫਾਇਦਾ ਵਿਦੇਸ਼ਾਂ ਵਿਚ ਵੱਸਦੇ ਭਾਰਤੀ ਲੈ ਸਕਣਗੇ। ਰਾਹੁਲ ਨੇ ਆਖਿਆ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਸਰਕਾਰ ਬਣਾਉਣਗੇ। ਜਦ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦਾ ਮੌਕਾ ਆਇਆ ਤਾਂ ਰਾਹੁਲ ਨਾਲ ਆਈ ਨਿੱਜੀ ਮੀਡੀਆ ਟੀਮ ਨੇ ਪੰਜਾਬ ਨਾਲ ਸਬੰਧਤ ਕਿਸੇ ਵੀ ਸਿੱਖ ਜਾਂ ਗੈਰ-ਸਿੱਖ ਨੂੰ ਸਵਾਲ ਤੱਕ ਕਰਨ ਦਾ ਮੌਕਾ ਨਾ ਦਿੱਤਾ।


ਰਾਹੁਲ ਨਹੀਂ ਦੇ ਸਕੇ ਸਿੱਖ ਬਜ਼ੁਰਗ ਨੂੰ ਜਵਾਬ—
ਪ੍ਰੋਗਰਾਮ ਦੌਰਾਨ ਸ਼੍ਰੀ ਸੈਮ ਪਟਰੌਦਾ ਦੇ ਕਹਿਣ 'ਤੇ ਜਦ ਇਕ ਸਿੱਖ ਬਜ਼ੁਰਗ ਨੇ ਅੱਗੇ ਹੋ ਕੇ ਰਾਹੁਲ ਗਾਂਧੀ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦੀ ਗੱਲ ਆਖੀ ਤਾਂ ਰਾਹੁਲ ਗਾਂਧੀ ਨੇ ਉਸ ਦਾ ਜਵਾਬ ਤੱਕ ਨਾ ਦਿੱਤਾ । ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਰਾਹੁਲ ਨੂੰ ਉਸ ਬਜ਼ੁਰਗ ਵਲੋਂ ਕੀਤੇ ਸਵਾਲ ਦੀ ਸਮਝ ਨਹੀਂ ਆਈ ਜਿਹੜਾ ਉਨ੍ਹਾਂ ਕੋਲੋਂ ਜਵਾਬ ਨਹੀਂ ਦਿੱਤਾ ਗਿਆ।