ਮੈਨਚੇਸਟਰ ਦੇ ਪੀੜਤਾਂ ਨੂੰ ਬਚਾਉਣ ਵਾਲੇ ਪਾਕਿਸਤਾਨੀ ਮੂਲ ਦੇ ਡਾਕਟਰ ''ਤੇ ਨਸਲੀ ਟਿੱਪਣੀ, ਕਿਹਾ— ''ਅੱਤਵਾਦੀ''

05/29/2017 4:38:44 PM


ਲੰਡਨ— ਬ੍ਰਿਟੇਨ ਦੇ ਮੈਨਚੇਸਟਰ 'ਚ ਹੋਏ ਅੱਤਵਾਦੀ ਹਮਲੇ ਦੇ ਸ਼ਿਕਾਰ ਪੀੜਤਾਂ ਨੂੰ ਬਚਾਉਣ ਲਈ 48 ਘੰਟੇ ਤੱਕ ਇਲਾਜ ਕਰਨ ਲੱਗੇ ਰਹੇ ਪਾਕਿਸਤਾਨੀ ਮੂਲ ਦੇ 37 ਸਾਲਾ ਡਾਕਟਰ ਨੂੰ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ। ਮੀਡੀਆ 'ਚ ਆਈ ਖਬਰਾਂ ਮੁਤਾਬਕ ਡਾਕਟਰ ਨੂੰ 'ਅੱਤਵਾਦੀ' ਕਹਿ ਕੇ ਬੁਲਾਇਆ ਗਿਆ ਅਤੇ ਆਪਣੇ ਦੇਸ਼ ਪਰਤ ਜਾਣ ਲਈ ਕਿਹਾ ਗਿਆ। ਟਰਾਮਾ ਅਤੇ ਆਰਥੋਪੈਡਿਕ ਸਰਜਨ ਨਾਵੇਦ ਯਾਸੀਨ ਪੀੜਤਾਂ ਦੀ ਮਦਦ ਜਾਰੀ ਰੱਖਣ ਲਈ ਸੇਲਫੋਰਡ ਰਾਇਲ ਹਸਪਤਾਲ ਪਰਤ ਰਹੇ ਸਨ, ਤਾਂ ਇਕ ਬਜ਼ੁਰਗ ਵਿਅਕਤੀ ਉਨ੍ਹਾਂ ਕੋਲ ਆ ਕੇ ਰੁੱਕਿਆ ਅਤੇ ਉਨ੍ਹਾਂ 'ਤੇ ਨਸਲੀ ਟਿੱਪਣੀਆਂ ਕਰਨ ਲੱਗਾ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਦੋ ਦਿਨ ਤੱਕ ਧਮਾਕੇ ਵਿਚ ਜ਼ਖਮੀ ਹੋਏ ਲੋਕਾਂ ਦੇ ਆਪਰੇਸ਼ਨ ਕਰਨ 'ਚ ਲੱਗੇ ਰਹਿਣ ਤੋਂ ਬਾਅਦ ਵੈਨ 'ਚ ਸਵਾਰ ਇਕ ਬਦਮਾਸ਼ ਨੇ ਉਨ੍ਹਾਂ 'ਅੱਤਵਾਦੀ' ਅਤੇ ਗੈਰ ਗੋਰੇ ਕਹਿ ਕੇ ਬੁਲਾਇਆ। ਇਸ ਵਿਅਕਤੀ ਨੇ ਕਿਹਾ, ''ਆਪਣੇ ਦੇਸ਼ ਵਾਪਸ ਜਾਓ, ਅੱਤਵਾਦੀ। ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਲੋਕ ਇੱਥੇ ਰਹੋ।''
ਯਾਸੀਨ ਦਾ ਜਨਮ ਅਤੇ ਪਾਲਣ-ਪੋਸ਼ਣ ਵੈਸਟ ਯੌਰਕਸ਼ਾਇਰ 'ਚ ਹੋਇਆ ਸੀ। ਉਹ ਆਪਣੀ ਪਤਨੀ ਅਤੇ ਦੋ ਧੀਆਂ ਨਾਲ ਟਰੈਫੋਰਡ 'ਚ ਰਹਿੰਦੇ ਹਨ। ਉਨ੍ਹਾਂ ਦਾ ਪੜਦਾਦਾ 1960 ਦੇ ਦਹਾਕੇ ਵਿਚ ਪਾਕਿਤਾਨ ਤੋਂ ਯੌਰਕਸ਼ਾਇਰ ਆ ਕੇ ਵਸ ਗਏ ਸਨ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਨਸਲ ਜਾਂ ਧਰਮ ਵਿਚ ਫਰਕ ਨਹੀਂ ਕਰਦੇ। ਯਾਸੀਨ ਨੇ ਇਹ ਵੀ ਕਿਹਾ ਕਿ ਗੰਭੀਰ ਰੂਪ ਨਾਲ ਜ਼ਖਮੀ ਪੀੜਤਾਂ ਦਾ ਇਲਾਜ ਕਰਨਾ ਬਹੁਤ ਹੀ ਤਕਲੀਫ ਵਾਲਾ ਹੈ। ਉਨ੍ਹਾਂ ਕਿਹਾ ਕਿ ਧਮਾਕੇ ਵਿਚ ਜ਼ਖਮੀ ਮਰੀਜ਼ਾਂ ਦੇ ਅੰਗਾਂ ਨੂੰ ਭਾਰੀ ਨੁਕਸਾਨ ਪੁੱਜਾ ਸੀ। ਡਾਕਟਰ ਨੇ ਕਿਹਾ ਕਿ ਇਸ ਘਟਨਾ ਦੇ ਸ਼ਿਕਾਰ ਲੋਕਾਂ ਦਾ ਇਲਾਜ ਕਰਨਾ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਸਾਥੀਆਂ ਲਈ ਬੇਹੱਦ ਦਰਦਨਾਕ ਅਨੁਭਵ ਰਿਹਾ। ਦੱਸਣ ਯੋਗ ਹੈ ਕਿ ਬੀਤੇ ਸੋਮਵਾਰ ਨੂੰ ਬ੍ਰਿਟੇਨ ਦੇ ਮੈਨਚੇਸਟਰ 'ਚ ਪੋਪ ਸਿੰਗਰ ਅਰਿਆਨਾ ਗ੍ਰਾਂਡੇ ਦੇ ਸੰਗੀਤ ਪ੍ਰੋਗਰਾਮ ਤੋਂ ਬਾਅਦ ਆਤਮਘਾਤੀ ਬੰਬ ਧਮਾਕਾ ਹੋਇਆ, ਜਿਸ 'ਚ 22 ਲੋਕਾਂ ਦੀ ਮੌਤ ਹੋ ਗਈ ਅਤੇ 116 ਤੋਂ ਵਧ ਜ਼ਖਮੀ ਹੋ ਗਏ ਸਨ।