ਆਸਟ੍ਰੇਲੀਆ ਪੁੱਜੀ 'ਖਾਲਸਾ ਏਡ' ਨੇ ਡੁੱਬਦਿਆਂ ਨੂੰ ਦਿੱਤਾ ਸਹਾਰਾ

02/09/2019 3:02:06 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਸੂਬਾ ਕੁਈਨਜ਼ਲੈਂਡ ਦੇ ਕਈ ਖੇਤਰਾਂ 'ਚ ਲੋਕਾਂ ਨੇ ਪਹਿਲਾਂ ਸੋਕੇ ਦੀ ਮਾਰ ਝੱਲੀ ਤੇ ਫਿਰ ਭਿਆਨਕ ਹੜ੍ਹਾਂ ਨੇ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ। ਉੱਤਰੀ-ਪੱਛਮੀ ਕੁਈਨਜ਼ਲੈਂਡ ਦੇ ਕਈ ਖੇਤਰਾਂ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਭਾਰੀ ਬਾਰਿਸ਼ ਦੇ ਚੱਲਦਿਆਂ ਟਾਊਨਜ਼ਵਿਲੇ ਸ਼ਹਿਰ ਬਹੁਤ ਹੀ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਹੈ ਅਤੇ ਜਨ-ਜੀਵਨ ਅਸਤ-ਵਿਅਸਤ ਹੋ ਚੁੱਕਾ ਹੈ। ਮੋਜੂਦਾ ਹੜ੍ਹਾਂ ਦੇ ਪ੍ਰਕੋਪ ਦੇ ਚੱਲਦਿਆਂ ਇੰਟਰਨੈਸ਼ਨਲ ਸਿੱਖ ਚੈਰਿਟੀ ਸੰਸਥਾ 'ਖਾਲਸਾ ਏਡ' ਦੇ ਵਾਲੰਟੀਅਰਾਂ ਵੱਲੋਂ ਲੋਕਾਂ ਨੂੰ ਘਰ-ਘਰ ਪਹੁੰਚ ਕੇ ਭੋਜਨ ਦੀ ਸਹਾਇਤਾ ਕੀਤੀ ਜਾ ਰਹੀ ਹੈ।


ਇਕੱਲੇ ਟਾਊਨਜ਼ਵਿਲੇ ਸ਼ਹਿਰ 'ਚ ਤਕਰੀਬਨ 20 ਹਜ਼ਾਰ ਲੋਕਾਂ ਨੂੰ ਹੜ੍ਹਾਂ ਨੇ ਪ੍ਰਭਾਵਿਤ ਕੀਤਾ ਸੀ। ਜਿਸ ਦੇ ਚੱਲਦਿਆਂ ਲੋਕਾਂ ਨੂੰ ਆਪਣੇ ਘਰਾਂ 'ਚੋਂ ਬਾਹਰ ਸੁਰੱਖਿਆ ਕੇਂਦਰਾਂ ਵਿਚ ਰੱਖਿਆ ਗਿਆ ਸੀ। ਹਾਲਾਂਕਿ, ਬਹੁਤ ਸਾਰੇ ਖੇਤਰਾਂ ਵਿੱਚ ਹੜ੍ਹਾਂ ਦਾ ਪਾਣੀ ਹੁਣ ਘੱਟ ਗਿਆ ਹੈ ਅਤੇ ਲੋਕ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ ਪਰ ਸੂਬਾ ਸਰਕਾਰ ਅਤੇ ਨਿਵਾਸੀਆਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਇਸ ਸਮੇਂ ਭੋਜਨ ਅਤੇ ਦੁੱਧ ਦੀ ਫ਼ੌਰੀ ਜ਼ਰੂਰਤ ਹੈ।

'ਖਾਲਸਾ ਏਡ' ਦੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵਿਸ਼ੇਸ਼ ਤੌਰ 'ਤੇ ਮੈਲਬੌਰਨ ਤੋਂ ਟਾਊਨਜ਼ਵਿਲੇ ਆਏ ਹਨ। ਉਨ੍ਹਾਂ ਦੇ ਕਹਿਣ ਅਨੁਸਾਰ, “ਅਸੀਂ ਸੋਸ਼ਲ ਮੀਡੀਆ ਸਾਈਟਾਂ 'ਤੇ ਆਪਣਾ ਸੰਪਰਕ ਨੰਬਰ ਪਾਇਆ ਹੋਇਆ ਹੈ ਅਤੇ ਖਾਲਸਾ ਏਡ ਦੇ ਸਮੂਹ ਵਾਲੰਟੀਅਰ ਲੋਕਾਂ ਤੱਕ ਭੋਜਨ ਸਮੱਗਰੀ ਮੁਹੱਈਆ ਕਰਵਾਉਣ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਹਾਲ ਹੀ ਵਿਚ ਬਾਲਵਿਲ ਬੀਚ ਅਤੇ ਰੋਲਿੰਗਸਟੋਨ ਦੇ ਖੇਤਰਾਂ ਵਿਚ ਸਹਾਇਤਾ ਲਈ ਕਾਰਜ ਕਰ ਰਹੇ ਹਨ ਜੋ ਕਿ ਟਾਊਨਜ਼ਵਿਲੇ ਤੋਂ ਤਕਰੀਬਨ 60 ਕਿਲੋਮੀਟਰ ਦੀ ਦੂਰੀ 'ਤੇ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਦੇ ਸੋਕਾ ਪ੍ਰਭਾਵਿਤ ਰਹਿਣ ਵਾਲਾ ਇਹ ਸੂਬਾ ਪੂਰੀ ਤਰ੍ਹਾਂ ਪਾਣੀ ਵਿਚ ਡੁੱਬਿਆ ਹੋਇਆ ਹੈ। ਇਸ ਸਥਿਤੀ ਵਿਚ ਕਿਸਾਨ ਜ਼ਿਆਦਾ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦੀਆਂ ਫਸਲਾਂ ਲਗਭਗ ਤਬਾਹ ਹੋ ਚੁੱਕੀਆਂ ਹਨ ਅਤੇ ਹਜ਼ਾਰਾਂ ਪਸ਼ੂ ਮਰ ਗਏ ਹਨ। ਜਿਹੜੇ ਪਸ਼ੂ ਜਿਉਂਦੇ ਬਚੇ ਹਨ ਉਹ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ।