11 ਸਾਲਾ ਕੁੜੀ ਦਿਸਣ ਲੱਗੀ ਸੀ ਗਰਭਵਤੀ ਔਰਤਾਂ ਵਾਂਗ, ਖੁੱਲ੍ਹਿਆ ਇਹ ਰਾਜ਼

01/13/2018 5:23:45 PM

ਕੁਈਨਜ਼ਲੈਂਡ—ਆਸਟ੍ਰੇਲੀਆ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਆਸਟ੍ਰੇਲੀਆ ਦੇ ਕੁਈਨਸਲੈਂਡ ਦੀ ਰਹਿਣ ਵਾਲੀ ਇਕ 11 ਸਾਲ ਦੀ ਛੋਟੀ ਬੱਚੀ ਦੇ ਸਰੀਰ ਵਿਚ ਅਚਾਨਕ ਹੀ ਕਈ ਬਦਲਾਅ ਹੋਣ ਲੱਗੇ। ਬੱਚੀ ਦਾ ਨਾਂ ਚੇਰਿਸ਼ ਰੋਜ ਲਾਵੇਲੇ ਦੱਸਿਆ ਜਾ ਰਿਹਾ ਹੈ। ਚੇਰਿਸ਼ ਦੀ ਮਾਂ ਲੁਈਸ ਨੇ ਦੱਸਿਆ ਕਿ ਬੀਤੇ 2 ਮਹੀਨਿਆਂ ਤੋਂ ਚੇਰਿਸ਼ ਦੇ ਸੁਭਾਅ ਵਿਚ ਬਹੁਤ ਅੰਤਰ ਆ ਗਿਆ ਸੀ।
ਦੱਸਣਯੋਗ ਹੈ ਕਿ ਚੇਰਿਸ਼ ਦਾ ਭਾਰ ਲਗਾਤਾਰ ਘਟਦਾ ਜਾ ਰਿਹਾ ਸੀ ਪਰ ਉਸ ਦੇ ਪੇਟ ਦਾ ਆਕਾਰ ਵਧਦਾ ਹੀ ਜਾ ਰਿਹਾ ਸੀ। ਚੇਰਿਸ਼ ਦੀ ਮਾਂ ਨੂੰ ਲੱਗਾ ਕਿ ਉਸ ਨੂੰ ਖਾਣੇ ਨਾਲ ਸਬੰਧਤ ਕੋਈ ਸਮੱਸਿਆ ਹੋਈ ਹੋਵੇਗੀ ਪਰ ਸਥਿਤੀ ਨੂੰ ਕੰਟਰੋਲ ਤੋਂ ਬਾਹਰ ਹੁੰਦਾ ਦੇਖ ਲੁਈਸ ਨੇ ਚੇਰਿਸ਼ ਨੂੰ ਹਾਰਵੇਅ ਬੇਅ ਹਸਪਤਾਲ ਵਿਚ ਭਰਤੀ ਕਰਾਇਆ। ਚੇਰਿਸ਼ ਦੀ ਹਾਲਤ ਦੇਖਦੇ ਹੀ ਡਾਕਟਰਾਂ ਨੇ ਸਮਝਿਆ ਕਿ ਉਹ ਗਰਭਵਤੀ ਹੈ। 11 ਸਾਲ ਉਮਰ ਵਿਚ ਛੋਟੀ ਬੇਟੀ ਦੇ ਗਰਭਵਤੀ ਹੋਣ ਗੱਲ ਸੁਣਦੇ ਹੀ ਉਸ ਦੀ ਮਾਂ ਦੇ ਹੋਸ਼ ਉਡ ਗਏ ਪਰ ਜਦੋਂ ਚੇਰਿਸ਼ ਦੀ ਪੂਰੀ ਜਾਂਚ ਕੀਤੀ ਗਈ ਤਾਂ ਮਾਮਲੇ ਨੇ ਰੁੱਖ ਬਦਲ ਹੀ ਲਿਆ ਅਤੇ ਜੋ ਖੁਲਾਸਾ ਹੋਇਆ, ਉਸ ਨੂੰ ਸੁਣਨ ਤੋਂ ਬਾਅਦ ਬੱਚੀ ਦੇ ਮਾਂ ਦੀਆਂ ਅੱਖਾਂ ਵਿਚੋਂ ਹੰਝੂ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ ਸਨ।
ਜਾਂਚ ਵਿਚ ਪਤਾ ਲੱਗਾ ਕਿ ਚੇਰਿਸ਼ ਨੂੰ ਕੈਂਸਰ ਹੈ। ਡਾਕਟਰਾਂ ਨੇ ਲੁਈਸ ਨੂੰ ਦੱਸਿਆ ਕਿ ਚੇਰਿਸ਼ ਦੀ ਓਵਰੀ ਵਿਚ ਜਰਮ ਸੈਲ ਕੈਂਸਰ ਪਣਪ ਰਿਹਾ ਹੈ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਕੁੜੀਆਂ ਦੀ ਓਵਰੀ ਵਿਚ ਹੋਣ ਵਾਲਾ ਜਰਮ ਸੈਲ ਕੈਂਸਰ ਇਸ ਉਮਰ ਵਿਚ ਨਾਂਹ ਦੇ ਬਰਾਬਰ ਹੁੰਦਾ ਹੈ। ਡਾਕਟਰਾਂ ਨੇ ਬਿਨ੍ਹਾਂ ਕਿਸੇ ਦੇਰੀ ਦੇ ਚੇਰਿਸ਼ ਦਾ ਇਲਾਜ਼ ਸ਼ੁਰੂ ਕਰ ਦਿੱਤਾ। ਇਲਾਜ ਦੇ ਨਾਲ ਹੀ ਚੇਜਿਸ਼ ਦੀ ਕੀਮੋਥੈਰੇਪੀ ਵੀ ਸ਼ੁਰੂ ਹੋ ਗਈ। ਦੱਸਣਯੋਗ ਹੈ ਕਿ ਹੁਣ ਡਾਕਟਰਾਂ ਨੇ ਚੇਰਿਸ਼ ਦੀ ਓਵਰੀ ਵਿਚੋਂ ਟਿਊਮਰ ਕੱਢ ਲਿਆ ਹੈ। ਜਿਸ ਨਾਲ ਹੁਣ ਉਸ ਦੇ ਪੇਟ ਦਾ ਆਕਾਰ ਹੋਲੀ-ਹੋਲੀ ਸਾਧਾਰਨ ਹੁੰਦਾ ਜਾ ਰਿਹਾ ਹੈ।