ਕਤਰ ਦੇ ਸ਼ਾਹ ਨੇ ਵਿਸ਼ਵ ਨੇਤਾਵਾਂ ਨੂੰ ''ਤਾਲਿਬਾਨ'' ਦਾ ਬਾਈਕਾਟ ਨਾ ਕਰਨ ਦੀ ਕੀਤੀ ਅਪੀਲ

09/22/2021 1:20:17 PM

ਸੰਯੁਕਤ ਰਾਸ਼ਟਰ (ਭਾਸ਼ਾ): ਅਮਰੀਕੀ ਸੈਨਾ ਦੀ ਵਾਪਸੀ ਵਿਚਕਾਰ ਅਫਗਾਨਿਸਤਾਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਕਤਰ ਦੇ ਸ਼ਾਹ ਨੇ ਸੰਯੁਕਤ ਰਾਸ਼ਟਰ ਵਿਚ ਇਕੱਠੇ ਹੋਏ ਗਲੋਬਲ ਨੇਤਾਵਾਂ ਨੂੰ ਤਾਲਿਬਾਨ ਸ਼ਾਸਕਾਂ ਤੋਂ ਮੂੰਹ ਨਾ ਮੋੜਨ ਦੀ ਅਪੀਲ ਕੀਤੀ। ਸੰਯੁਕਤ ਰਾਸ਼ਟਰ ਮਹਾਸਭਾ ਦੇ ਮੰਚ ਤੋਂ ਬੋਲਦਿਆਂ ਸ਼ੇਖ ਤਮੀਮ ਬਿਨ ਹਮਾਦ ਅਲ ਥਾਨੀ ਨੇ ਮੰਗਲਵਾਰ ਨੂੰ 'ਤਾਲਿਬਾਨ ਨਾਲ ਗੱਲਬਾਤ ਜਾਰੀ' ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ ਕਿਉਂਕਿ ਬਾਈਕਾਟ ਨਾਲ ਸਿਰਫ ਧਰੁਵੀਕਰਨ ਹੋਵੇਗਾ ਜਦਕਿ ਗੱਲਬਾਤ ਨਾਲ ਸਕਰਾਤਮਕ ਨਤੀਜੇ ਆ ਸਕਦੇ ਹਨ। 

ਉਹਨਾਂ ਦੀ ਇਹ ਚਿਤਾਵਨੀ ਉਹਨਾਂ ਦੇਸ਼ਾਂ ਦੇ ਪ੍ਰਮੁੱਖਾਂ ਲਈ ਸੀ ਜੋ ਤਾਲਿਬਾਨ ਨਾਲ ਗੱਲਬਾਤ ਕਰਨ ਅਤੇ ਅਫਗਾਨਿਸਤਾਨ ਵਿਚ ਸੱਤਾ 'ਤੇ ਉਹਨਾਂ ਦੇ ਕਬਜ਼ਾ ਕਰਨ ਨੂੰ ਪਛਾਣ ਦੇਣ ਨੂੰ ਲੈ ਕੇ ਚਿੰਤਤ ਹਨ। ਤਾਲਿਬਾਨ ਦਾ ਕਹਿਣਾ ਹੈ ਕਿ ਉਹ ਅੰਤਰਰਾਸ਼ਟਰੀ ਭਾਈਚਾਰੇ ਤੋਂ ਮਾਨਤਾ ਚਾਹੁੰਦੇ ਹਨ। ਉਸ ਨੇ ਸੰਯੁਕਤ ਰਾਸ਼ਟਰ ਵਿਚ ਅਫਗਾਨਿਸਤਾਨ ਦੇ ਸਾਬਕਾ ਰਾਜਦੂਤ ਦੇ ਪਛਾਣ ਪੱਤਰ ਨੂੰ ਚੁਣੌਤੀ ਦਿੱਤੀ ਹੈ ਅਤੇ ਉਹ ਸੰਯੁਕਤ ਰਾਸ਼ਟਰ ਮਹਾਸਭਾ ਦੀ ਵਿਸ਼ਵ ਨੇਤਾਵਾਂ ਦੀ ਉੱਚ ਪੱਧਰੀ ਬੈਠਕ ਵਿਚ ਬੋਲਣ ਲਈ ਕਹਿ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਨੂੰ ਮਾਨਤਾ ਦੇਣਾ ਸੰਯੁਕਤ ਰਾਸ਼ਟਰ ਦੀ ਜ਼ਿੰਮੇਵਾਰੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਨੇ ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਕੀਤੀਆਂ ਦੋ-ਪੱਖੀ ਬੈਠਕਾਂ 

ਸ਼ੇਖ ਤਮੀਮ ਨੇ ਕਿਹਾ,''ਕਤਰ ਸਾਲਾਂ ਪਹਿਲਾਂ ਜਲਾਵਤਨੀ ਵਿੱਚ ਰਹਿ ਰਹੇ ਤਾਲਿਬਾਨ ਦੀ ਰਾਜਨੀਤਕ ਲੀਡਰਸ਼ਿਪ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੋ ਗਿਆ ਸੀ ਕਿਉਂਕਿ ਉਸ ਨੂੰ ਵਿਸ਼ਵਾਸ ਸੀ ਕਿ ਯੁੱਧ ਨਾਲ ਕੋਈ ਹੱਲ ਨਹੀਂ ਨਿਕਲਦਾ ਅਤੇ ਅਖੀਰ ਵਿਚ ਗੱਲਬਾਤ ਹੀ ਹੋਵੇਗੀ।'' ਗੌਰਤਲਬ ਹੈ ਕਿ ਕਤਰ, ਅਮਰੀਕਾ ਦਾ ਕਰੀਬੀ ਸਹਿਯੋਗੀ ਹੈ ਅਤੇ ਪੱਛਮੀ ਏਸ਼ੀਆ ਵਿਚ ਅਮਰੀਕਾ ਦਾ ਸਭ ਤੋਂ ਵੱਡਾ ਮਿਲਟਰੀ ਅੱਡਾ ਕਤਰ ਵਿਚ ਹੀ ਹੈ ਪਰ ਇਸ ਛੋਟੇ ਜਿਹੇ ਖਾੜੀ ਅਰਬ ਦੇਸ਼ ਦੇ ਤਾਲਿਬਾਨ ਨਾਲ ਵੀ ਸੰਬੰਧ ਹਨ। ਆਪਣੀ ਵਿਸ਼ੇਸ਼ ਭੂਮਿਕਾ ਕਾਰਨ ਕਤਰ ਨੇ ਅਫਗਾਨਸਿਤਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ ਦੇ ਨੇੜੇ ਅਮਰੀਕਾ-ਤਾਲਿਬਾਨ ਵਾਰਤਾ ਦੀ ਮੇਜ਼ਬਾਨੀ ਕੀਤੀ ਅਤੇ ਕਾਬੁਲ ਵਿਚੋਂ ਲੋਕਾਂ ਨੂੰ ਕੱਢਣ ਵਿਚ ਮਦਦ ਕੀਤੀ। 

ਸ਼ੇਖ ਤਮੀਮ (41) ਨੇ ਮੰਗਲਵਾਰ ਨੂੰ ਅਫਗਾਨਿਸਤਾਨ ਦੇ ਬਾਹਰ ਰਾਜਨੀਤਕ ਵਿਵਸਥਾ ਲਾਗੂ ਕਰਨ ਲਈ ਉਸ ਦੇਸ਼ ਵਿਚ ਪਿਛਲੀਆਂ ਗਲਤੀਆਂ ਨੂੰ ਦੁਹਰਾਉਣ ਖ਼ਿਲਾਫ਼ ਚਿਤਾਵਨੀ ਦਿੱਤੀ। ਸ਼ੇਖ ਤਮੀਨ ਨੇ ਕਿਹਾ,''ਇਰਾਦਿਆਂ, ਕੋਸ਼ਿਸ਼ਾਂ ਅਤੇ ਨਿਵੇਸ਼ ਕੀਤੇ ਗਏ ਧਨ ਦੇ ਬਾਵਜੂਦ ਅਫਗਾਨਿਸਤਾਨ ਵਿਚ 20 ਸਾਲ ਬਾਅਦ ਇਹ ਅਨੁਭਵ ਢਹਿ-ਢੇਰੀ ਹੋ ਗਿਆ।'' ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਮਹੱਤਵਪੂਰਨ ਪੱਧਰ 'ਤੇ ਅਫਗਾਨਿਸਤਾਨ ਦਾ ਸਮਰਥਨ ਕਰਦੇ ਰਹਿਣਾ ਚਾਹੀਦਾ ਹੈ ਅਤੇ ਰਾਜਨੀਤਕ ਮਤਭੇਦਾਂ ਦੇ ਬਾਵਜੂਦ ਮਨੁੱਖੀ ਮਦਦ ਜਾਰੀ ਰੱਖਣੀ ਚਾਹੀਦੀ ਹੈ।

Vandana

This news is Content Editor Vandana