ਪੁਤਿਨ ਦੇ ਸੱਦੇ ''ਤੇ ਰੂਸ ਜਾ ਸਕਦੇ ਹਨ ਸ਼ੀ ਤੇ ਕਿਮ ਜੋਂਗ, ਅਮਰੀਕਾ ਪਰੇਸ਼ਾਨ

09/08/2018 3:02:45 AM

ਬੀਜਿੰਗ — ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਗਲੇ ਹਫਤੇ ਰੂਸ 'ਚ ਇਕ ਖੇਤਰੀ ਸ਼ਿਖਰ ਸੰਮੇਲਨ 'ਚ ਹਿੱਸਾ ਲੈਣਗੇ। ਇਸ 'ਚ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ, ਜਾਪਾਨ ਅਤੇ ਦੱਖਣੀ ਕੋਰੀਆ ਦੇ ਪ੍ਰਮੁੱਖ ਵੀ ਸ਼ਾਮਲ ਹੋ ਸਕਦੇ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 11-13 ਸਤੰਬਰ ਨੂੰ ਵਲਾਦਿਵੋਸਤੋਕ 'ਚ ਈਸਟਰਨ ਇਕਨਾਮਿਕ ਫੋਰਮ 'ਚ ਹਿੱਸਾ ਲੈਣ ਲਈ ਕਿਮ ਨੂੰ ਸੱਦਾ ਦਿੱਤਾ ਹੈ।

ਕਿਮ ਨੇ ਇਸ 'ਚ ਹਿੱਸਾ ਲੈਣ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਜੇਕਰ ਉਹ ਆਉਂਦੇ ਹਨ ਤਾਂ ਇਹ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਲਗ-ਥਲਗ ਪੈਣ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਚ ਸ਼ਾਮਲ ਹੋਣ ਦੇ ਉਸ ਦੇ ਯਤਨਾਂ 'ਚ ਅਹਿਮ ਕਦਮ ਸਾਬਤ ਹੋਵੇਗਾ। ਇਕ ਪੱਤਰਕਾਰ ਸੰਮੇਲਨ 'ਚ ਸ਼ੀ ਦੀ ਯਾਤਰਾ ਦਾ ਐਲਾਨ ਕਰਦੇ ਹੋਏ ਚੀਨੀ ਅਧਿਕਾਰੀਆਂ ਨੇ ਇਸ 'ਤੇ ਟਿੱਪਣੀ ਨਹੀਂ ਕੀਤੀ ਕਿ ਸ਼ੀ ਦੇ ਸੰਮੇਲਨ ਦੌਰਾਨ ਹੋਰ ਨੇਤਾਵਾਂ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ ਜਾਂ ਨਹੀਂ।
ਸ਼ੀ ਅਤੇ ਕਿਮ ਨੇ ਇਸ ਸਾਲ ਚੀਨ 'ਚ 3 ਵਾਰ ਮੁਲਾਕਾਤ ਕੀਤੀ ਸੀ। ਸ਼ੀ ਉੱਤਰੀ ਕੋਰੀਆ ਦੀ 70ਵੀਂ ਵਰ੍ਹੇਗੰਢ ਦੇ ਮੌਕੇ 'ਤੇ ਇਸ ਹਫਤੇ ਚੀਨ ਦੀ ਉੱਚ ਅਧਿਕਾਰੀਆਂ ਨੂੰ ਉਥੇ ਭੇਜ ਰਹੇ ਹਨ। ਇਸ ਦੇ ਨਾਲ ਇਨ੍ਹਾਂ ਅਟਕਲਾਂ 'ਤੇ ਵਿਰਾਮ ਲੱਗ ਗਿਆ ਹੈ ਕਿ ਚੀਨੀ ਰਾਸ਼ਟਰਪਤੀ ਇਸ ਮੌਕੇ 'ਤੇ ਗੁਆਂਢੀ ਦੇਸ਼ ਦੀ ਪਹਿਲੀ ਅਧਿਕਾਰਕ ਯਾਤਰਾ ਕਰਨਗੇ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਜੋ ਆਬੇ ਨੇ ਵੀ ਰੂਸ 'ਚ ਹੋਣ ਵਾਲੇ ਸੰਮੇਲਨ 'ਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ।