ਦਿਲਜੀਤ ਦੋਸਾਂਝ ਨੇ ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ ''ਤੇ ਜਤਾਇਆ ਦੁੱਖ, ਕਿਹਾ- ਰੱਬ ਦੇ ਠੇਕੇਦਾਰ ਨਾ ਬਣੋ

09/28/2022 11:00:53 AM

ਮੁੰਬਈ (ਬਿਊਰੋ) : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਜੋਗੀ' ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੇ ਹਨ। ਇਸ ਤੋਂ ਇਲਾਵਾ ਉਹ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਬਾਬੇ ਭੰਗੜਾ ਪਾਉਂਦੇ ਨੇ' ਨੂੰ ਲੈ ਕੇ ਲਾਈਮਲਾਈਟ 'ਚ ਬਣੇ ਹੋਏ ਹਨ। ਦਿਲਜੀਤ ਦੋਸਾਂਝ ਹਰ ਸਮਾਜਿਕ ਮੁੱਦੇ 'ਤੇ ਖੁੱਲ੍ਹ ਕੇ ਬੇਬਾਕੀ ਨਾਲ ਆਪਣੀ ਰਾਏ ਰੱਖਦੇ ਹਨ। 

ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਇੱਕ ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਸ ਦੀ ਹਾਲ ਹੀ ਭੇਦ ਭਰੀ ਹਾਲਤ 'ਚ ਮੌਤ ਹੋਈ। ਉਹ ਲੜਕੀ ਸਿਰਫ਼ ਆਪਣੇ ਹੱਕਾਂ ਲਈ ਲੜ ਰਹੀ ਸੀ। ਹੁਣ ਉਸ ਨੂੰ ਇਨਸਾਫ਼ ਦਿਵਾਉਣ ਲਈ ਪੂਰਾ ਈਰਾਨ ਸੜਕਾਂ 'ਤੇ ਉੱਤਰ ਆਇਆ ਹੈ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਈਰਾਨ 'ਚ ਮਹਿਸਾ ਅਮੀਨੀ ਨੂੰ ਇਨਸਾਫ਼ ਦਿਵਾਉਣ ਲਈ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਦਿਲਜੀਤ ਦੋਸਾਂਝ ਨੇ ਕੈਪਸ਼ਨ 'ਚ ਲਿਖਿਆ, "ਜੀ ਲੈਣ ਦਿਓ ਲੋਕਾਂ ਨੂੰ... ਰੱਬ ਦਾ ਵਾਸਤਾ, ਰੱਬ ਦੇ ਠੇਕੇਦਾਰ ਨਾ ਬਣੋ। ਰੱਬ ਨੇ ਕੋਈ ਡਰੈੱਸ ਨਹੀਂ ਬਣਾਈ।"

ਦੱਸਣਯੋਗ ਹੈ ਕਿ ਈਰਾਨ 'ਚ ਪਿਛਲੇ ਲੰਮੇ ਸਮੇਂ ਤੋਂ ਹਿਜਾਬ ਨੂੰ ਲੈ ਕੇ ਵਿਰੋਧ ਚੱਲ ਰਿਹਾ ਸੀ। ਮਹਿਲਾਵਾਂ ਵੱਲੋਂ ਆਪਣੇ ਅਧਿਕਾਰਾਂ ਦੀ ਲੜਾਈ ਲੜੀ ਜਾ ਰਹੀ ਹੈ। ਇਸ ਲੜਾਈ 'ਚ ਮਹਿਸਾ ਅਮੀਨੀ ਮੋਹਰੀ ਸੀ, ਜਿਸ ਦੀ ਪੁਲਸ ਹਿਰਾਸਤ 'ਚ ਮੌਤ ਹੋ ਗਈ ਸੀ। ਉਸ ਦੀ ਮੌਤ 'ਤੇ ਪੂਰੀ ਦੁਨੀਆ 'ਚ ਗੁੱਸਾ ਹੈ। ਈਰਾਨ 'ਚ ਸੜਕਾਂ ਤੇ ਪ੍ਰਦਰਸ਼ਨਕਾਰੀ ਸੰਘਰਸ਼ ਕਰਕੇ ਮਹਿਸਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਮਹਿਸਾ ਇਰਾਨ 'ਚ ਤਹਿਰਾਨ ਤੋਂ ਬਾਹਰ ਰਹਿੰਦੀ ਸੀ। ਪਿਛਲੇ ਦਿਨੀਂ ਜਦੋਂ ਉਹ ਆਪਣੇ ਪਰਿਵਾਰ ਨਾਲ ਤਹਿਰਾਨ ਗਈ ਤਾਂ ਉਸ ਨੂੰ ਪੁਲਸ ਨੇ ਤੁਰੰਤ ਗ੍ਰਿਫ਼ਤਾਰ ਕਰ ਲਿਆ। ਫਿਰ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਉਸ 'ਤੇ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਦਾ ਦੋਸ਼ ਸੀ। ਪੁਲਸ ਹਿਰਾਸਤ 'ਚ ਮਹਿਸਾ ਅਮੀਨੀ ਨੂੰ ਟਾਰਚਰ ਵੀ ਕੀਤਾ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita