ਨਿਊ-ਮੈਕਸੀਕੋ ਸੀਨੀਅਰ ਖੇਡਾਂ ''ਚ ਪੰਜਾਬੀ ਬਜ਼ੁਰਗ ਨੇ ਜਿੱਤਿਆ ਮੈਡਲ

07/09/2019 9:23:30 AM

ਰੀਨੋ ( ਨੀਟਾ ਮਾਛੀਕੇ/ਰਾਜ ਗੋਗਨਾ )—ਬੀਤੇ ਦਿਨ ਅਮਰੀਕਾ ਦੀ ਨਿਊ-ਮੈਕਸੀਕੋ ਸਟੇਟ ਦੇ ਸ਼ਹਿਰ ਐਲਬਾਕਰਕੀ 'ਚ 16ਵੀਆਂ  ਯੂ. ਐੱਸ. ਏ. ਨੈਸ਼ਨਲ ਸੀਨੀਅਰ ਖੇਡਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਖੇਡਾਂ ਵਿੱਚ ਪੂਰੇ ਅਮਰੀਕਾ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਲਈ ਪਹੁੰਚੇ ਹੋਏ ਸਨ। 

ਇਹ ਖੇਡਾਂ ਸਥਾਨਕ ਗਰਾਊਂਡਾਂ 'ਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਰੀਨੋ ਦੇ ਪੰਜਾਬੀ ਸੀਨੀਅਰ ਸ. ਰਣਧੀਰ ਸਿੰਘ ਵਿਰਕ ਨੇ ਵੀ ਹਿੱਸਾ ਲਿਆ ਤੇ 80 ਸਾਲ ਉਮਰ ਵਰਗ ਵਿੱਚ 90 ਫੁੱਟ ਹੈਂਮਰ ਥਰੋ ਕਰਕੇ ਕਾਂਸੀ ਦਾ ਮੈਡਲ ਆਪਣੇ ਨਾਮ ਕੀਤਾ। ਰਣਧੀਰ ਸਿੰਘ ਵਿਰਕ ਪੰਜਾਬ ਤੋਂ ਸੰਗਰੂਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹਨ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਦੇਸ਼ਾਂ 'ਚ ਸੀਨੀਅਰ ਸਿਟੀਜ਼ਨਾਂ ਨੂੰ ਖਾਸ ਖੇਡ ਸਮਾਗਮਾਂ 'ਚ ਸ਼ਿਰਕਤ ਕਰਵਾਈ ਜਾਂਦੀ ਹੈ ਤਾਂ ਕਿ ਉਹ ਆਪਣੇ ਹੁਨਰ ਤੋਂ ਨੌਜਵਾਨਾਂ ਨੂੰ ਜਾਣੂ ਕਰਵਾ ਸਕਣ। ਰਣਧੀਰ ਸਿੰਘ ਨੇ ਇਸ ਉਮਰ 'ਚ ਵੀ ਖੁਦ ਨੂੰ ਨੌਜਵਾਨਾਂ ਵਾਂਗ ਫਿੱਟ ਰੱਖਿਆ ਹੋਇਆ ਹੈ ਅਤੇ ਉਹ ਹੋਰਾਂ ਲਈ ਪ੍ਰੇਰਣਾ ਬਣ ਕੇ ਉੱਭਰ ਰਹੇ ਹਨ।