ਆਸਟ੍ਰੇਲੀਆ ''ਚ ਪੰਜਾਬੀ ਨੌਜਵਾਨ ਦੀ ਹਾਦਸੇ ''ਚ ਮੌਤ, ਭਾਈਚਾਰੇ ''ਚ ਸੋਗ ਦੀ ਲਹਿਰ

11/16/2017 4:34:57 PM

ਬ੍ਰਿਸਬੇਨ,(ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਅਤੇ ਪੰਜਾਬ 'ਚ ਰਹਿੰਦੇ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਦੁੱਖਦਾਈ ਅਤੇ ਸੋਗ ਵਾਲੀ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਇਲਾਕੇ ਇਨਸਫਿੱਲ ਵਿਖੇ ਇਕ 24 ਸਾਲਾ ਪੰਜਾਬੀ ਨੌਜਵਾਨ ਦੀ ਬੇਵਕਤੀ ਮੌਤ ਹੋ ਗਈ ਹੈ। ਮ੍ਰਿਤਕ ਦਾ ਨਾਂ ਜਤਿੰਦਰ ਸਿੰਘ ਹੈ। ਮ੍ਰਿਤਕ ਜਤਿੰਦਰ ਸਿੰਘ ਇਨਸਫਿੱਲ ਇਲਾਕੇ 'ਚ ਕੇਲੇਆਂ ਦੇ ਫਾਰਮ ਵਿਚ ਕੰਮ ਕਰਦਾ ਸੀ ਅਤੇ ਟਰੈਕਟਰ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਮੰਦਭਾਗੀ ਖ਼ਬਰ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਮਾਂ-ਬਾਪ ਅਤੇ ਪਤਨੀ ਨੂੰ ਰੋਂਦੇ- ਕਰਲਾਉਦੇ ਹੋਏ ਛੱਡ ਗਿਆ ਹੈ। ਦੋਸਤ ਨੇ ਦੱਸਿਆ ਕਿ ਜਤਿੰਦਰ ਫਰੀਦਕੋਟ ਦੇ ਪਿੰਡ ਗੋਲੇਵਾਲ ਦਾ ਜੰਮਪਲ ਸੀ ਅਤੇ ਉਹ 2014 'ਚ ਪੰਜਾਬ ਤੋਂ ਆਸਟ੍ਰੇਲੀਆ ਆਇਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਦਾ ਸੰਸਕਾਰ ਉਸ ਦੇ ਜੱਦੀ ਪਿੰਡ ਵਿਖੇ ਕੀਤਾ ਜਾਵੇਗਾ। ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਮ੍ਰਿਤਕ ਜਤਿੰਦਰ ਦੀ ਦੇਹ ਬਹੁਤ ਛੇਤੀ ਪੰਜਾਬ ਭੇਜਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਪੰਜਾਬੀ ਨੌਜਵਾਨ ਦੀ ਹੋਈ ਬੇਵਕਤੀ ਮੌਤ ਦੀ ਖ਼ਬਰ ਕਾਰਨ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।