ਨਿਊਜਰਸੀ 'ਚ ਪੰਜਾਬੀ ਭਾਈਚਾਰਾ ਕਿਸਾਨਾਂ ਦੇ ਹੱਕ 'ਚ ਕੱਢੇਗਾ ਰੈਲੀ

12/03/2020 10:56:12 AM

ਨਿਊਜਰਸੀ, (ਰਾਜ ਗੋਗਨਾ)—ਭਾਰਤ ਦੀ ਕੇਂਦਰ ਸਰਕਾਰ ਵੱਲੋਂ ਕਿਸਾਨ ਮਾਰੂ ਲਾਗੂ ਕੀਤੇ ਗਏ ਕਾਨੂੰਨ, ਜਿਸ ਵਿਚ ਤਿੰਨ ਕਾਲੇ ਕਾਨੂੰਨ ਕਿਸਾਨਾਂ 'ਤੇ ਥੋਪੇ ਗਏ ਹਨ। ਜਿਸ ਦੇ ਰੋਸ ਵਜੋਂ ਲੱਖਾਂ ਕਿਸਾਨ ਦਿੱਲੀ ਵਿਚ ਸੜਕਾਂ 'ਤੇ ਉੱਤਰੇ ਹੋਏ ਹਨ। 

ਕਿਸਾਨੀ ਨੂੰ ਬਚਾਉਣ ਲਈ ਦਿੱਲੀ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਪ੍ਰਦੇਸਾਂ ਵਿਚ ਬੈਠਾ ਪੰਜਾਬੀ ਭਾਈਚਾਰਾ ਵੀ ਕਿਸਾਨਾਂ ਦੇ ਹੱਕ ਵਿਚ ਉਤਰ ਆਇਆ ਹੈ। ਇਸੇ ਸਬੰਧ ਵਿਚ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਕਾਰਟਰੇਟ ਤੋਂ ਇਕ ਰੋਸ ਰੈਲੀ ਸ਼ੁਰੂ ਹੋਣ ਜਾ ਰਹੀ ਹੈ। ਇਹ ਰੋਸ ਰੈਲੀ ਕਿਸਾਨਾਂ ਦੇ ਹੱਕ  ਕੀਤੀ ਜਾ ਰਹੀ ਹੈ, ਜੋ ਕਾਰਟਰੇਟ ਤੋ ਸ਼ੁਰੂ ਹੋ ਕੇ  ਭਾਰਤੀ ਕੌਂਸਲੇਟ ਦੇ ਦਫ਼ਤਰ ਮੈਨਹਾਟਨ ਨਿਊਯਾਰਕ   ਵਿਖੇ ਜਾ ਕੇ ਖਤਮ ਹੋਵੇਗੀ।

ਪੰਜਾਬੀ ਭਾਈਚਾਰੇ ਦੀ ਇਹ ਰੋਸ ਰੈਲ਼ੀ ਮਿਤੀ 5 ਦਸੰਬਰ ਨੂੰ ਸਵੇਰੇ 9:00  ਵਜੇ ਸਵੇਰੇ ਸ਼ੁਰੂ ਹੋਵੇਗੀ, ਜਿਸ ਵਿਚ ਪੇਨਸਿਲਵੇਨੀਆ ਸੂਬੇ ਦੇ ਸ਼ਹਿਰ ਫਿਲਾਡੈਲਫੀਆ, ਡੇਲਵੇਅਰ  ਸਟੇਟ, ਵਾਸ਼ਿੰਗਟਨ ਡੀ. ਸੀ.  ਅਤੇ ਨਿਊਜਰਸੀ ਸੂਬੇ ਦਾ ਭਾਈਚਾਰਾ ਹਜ਼ਾਰਾਂ ਦੀ ਗਿਣਤੀ ਵਿਚ ਹਿੱਸਾ ਲੈ ਰਿਹਾ ਹੈ। ਪ੍ਰਬੰਧਕਾਂ ਨੇ ਸਮੂਹ ਭਾਰਤੀ ਮੂਲ ਦੇ ਲੋਕਾਂ ਨੂੰ ਨਿਮਰਤਾ ਸਹਿਤ ਪੁਰ-ਜ਼ੋਰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਭਾਈਚਾਰੇ ਦੇ ਲੋਕਾਂ ਨੂੰ ਨਾਲ ਲੈ ਕੇ ਪੁੱਜਣ ।

Lalita Mam

This news is Content Editor Lalita Mam