ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਪੰਜਾਬਣਾਂ ਨੇ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ''ਚ ਲਾਈਆਂ ਰੌਣਕਾਂ

02/20/2018 2:28:23 PM

ਲੰਡਨ (ਰਾਜਵੀਰ ਸਮਰਾ)— ਲੰਡਨ ਦੇ ਸ਼ਹਿਰ ਸਾਊਥਹਾਲ਼ ਵਿਖੇ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਪੰਜਾਬਣਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਖੂਬ ਰੌਣਕਾਂ ਲਗਾਈਆਂ।|ਵੁਆਇਸ ਆਫ ਵੁਮੈਨ ਦੀ ਸੰਚਾਲਕ ਸੁਰਿੰਦਰ ਕੌਰ ਤੂਰ ਤੇ ਅਵਤਾਰ ਕੌਰ ਚਾਨਾ ਦੀ ਯੋਗ ਅਗਵਾਈ ਹੇਠ ਆਯੋਜਿਤ ਉਕਤ ਸਮਾਗਮ ਵਿਚ ਪੰਜਾਬਣਾਂ ਨੇ ਪੰਜਾਬੀ ਲੋਕ ਗੀਤਾਂ, ਲੋਕ ਬੋਲੀਆਂ, ਪੰਜਾਬੀ ਪਹਿਰਾਵੇ ਤੇ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਦੀਆ ਵੰਨਗੀਆਂ ਨੂੰ ਪੇਸ਼ ਕਰਦਿਆਂ ਹਾਜਰੀਨ ਦਾ ਖੂਬ ਮਨੋਰੰਜਨ ਕੀਤਾ। ਇਸ ਦੇ ਨਾਲ ਹੀ ਸਮਾਜਿਕ ਬੁਰਾਈਆਂ ਖਿਲਾਫ ਸੰਦੇਸ਼ ਦਿੰਦਿਆਂ ਸਕਿੱਟਾਂ ਤੇ ਕੋਰੀਓਗ੍ਰਾਫੀਆਂ ਦੀ ਸਫਲ ਪੇਸ਼ਕਾਰੀ ਕੀਤੀ ਗਈ।


ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੀ ਮੈਂਬਰ ਪਾਰਲੀਮੈਂਟ ਸੀਮਾ ਮਲਹੋਤਰਾ ਨੇ ਕਿਹਾ ਕਿ ਔਰਤਾਂ ਨੂੰ ਇਕਜੁੱਟ ਹੋ ਕੇ ਔਰਤਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।|ਕਿਉਂਕਿ ਜੇ ਔਰਤਾਂ ਦੇ ਹੱਕ ਵਿਚ ਔਰਤਾਂ ਨਹੀਂ ਬੋਲਣਗੀਆਂ ਤਾਂ ਔਰਤਾਂ 'ਤੇ ਹੋ ਰਹੇ ਅੱਤਿਆਚਾਰ ਤੇ ਅਨਿਆਂ ਕਿਵੇਂ ਰੁਕਣਗੇ। ਉਨ੍ਹਾਂ ਕਿਹਾ ਕਿ ਔਰਤਾਂ ਦੀ ਆਵਾਜ਼ ਪ੍ਰੋਜੈਕਟ ਰਾਹੀਂ ਔਰਤਾਂ ਨੂੰ ਜਾਗਰੂਕ ਕਰਨ ਲਈ ਸੁਰਿੰਦਰ ਕੌਰ ਤੂਰ ਅਤੇ ਅਵਤਾਰ ਕੌਰ ਚਾਨਾ ਵਲੋਂ ਕੀਤੇ ਜਾ ਰਹੇ ਯਤਨ ਸਮੇਂ ਦੀ ਲੋੜ ਹਨ। ਉਨ੍ਹਾਂ ਆਖਿਆ ਕਿ ਔਰਤਾਂ ਦੀ ਆਵਾਜ਼ ਦੀ ਲੀਗਲ ਸਲਾਹਕਾਰ ਸਲਵਿੰਦਰ ਕੌਰ ਕਲਸੀ ਵਲੋਂ ਟੁੱਟਦੇ ਘਰਾਂ ਨੂੰ ਮੁੜ ਵਸਾਉਣ ਲਈ ਨਿਭਾਈ ਜਾ ਰਹੀ ਭੂਮਿਕਾ ਵੀ ਸ਼ਲਾਘਾਯੋਗ ਹੈ। ਸਮਾਗਮ ਦੌਰਾਨ ਬੀਬੀ ਸੁਰਿੰਦਰ ਕੌਰ ਤੂਰ ਅਤੇ ਬੀਬੀ ਅਵਤਾਰ ਕੌਰ ਚਾਨਾ ਨੇ ਕਿਹਾ ਕਿ ਉਹ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨਾਲ ਹੋ ਰਹੇ ਅਨਿਆਂ ਖਿਲਾਫ ਆਵਾਜ ਬੁਲੰਦ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕਰਨ ਲਈ ਵਚਨਬੱਧ ਰਹਿਣਗੀਆਂ।