''ਪੰਜਾਬ ਦੇ ਕਿਸਾਨਾਂ ਤੇ ਗਰੀਬ ਵਰਗ ਦੀਆਂ ਹੱਕੀ ਮੰਗਾਂ ਨੂੰ ਮਿਲੇਗਾ ਹੁਲਾਰਾ''

06/12/2017 4:07:55 PM

ਵਿਰੋਨਾ/ਰੋਮ (ਵਿੱਕੀ ਬਟਾਲਾ)—ਪੰਜਾਬ 'ਚ ਮੌਜੂਦਾ ਕਾਂਗਰਸ ਪਾਰਟੀ ਨੇ ਸੱਤਾ ਸੰਭਾਲਣ ਸਾਰ ਹੀ ਪੰਜਾਬ ਦੇ ਕਿਸਾਨਾਂ ਅਤੇ ਉਦਯੋਗਕਾਰੀ ਧੰਦਿਆਂ ਨੂੰ ਠੁੱਸ ਕਰਨ ਨਾਲ ਆਰਥਿਕ ਮੰਦੀ ਵੱਲ ਧੱਕ ਦਿੱਤਾ ਜੋ ਅੱਜ ਪੰਜਾਬ 'ਚ ਰੋਜ਼ਾਨਾ ਹੀ ਪੰਜਾਬ ਦਾ ਅੰਨ ਦਾਤਾ ਖੁਦਕੁਸ਼ੀਆਂ ਕਰ ਰਿਹਾ ਹੈ, ਜੋ ਅਕਸਰ ਹੀ ਸੋਸ਼ਲ ਮੀਡੀਆ ਤੇ ਅਖਬਾਰਾਂ 'ਚ ਸੁਰਖੀਆਂ 'ਚ ਰਹਿੰਦਾ ਹੈ। ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਕਤ ਸ਼ਬਦ ਸ੍ਰੋਮਣੀ ਅਕਾਲੀ ਦਲ ਬਾਦਲ ਇਟਲੀ ਐਨ. ਆਰ. ਆਈ. ਯੂਥ ਵਿੰਗ ਨਾਰਥ ਦੇ ਪ੍ਰਧਾਨ ਜਸਵਿੰਦਰ ਸਿੰਘ ਭਗਤੂਪੁਰ ਨੇ ਪ੍ਰੈਸ ਨਾਲ ਗੱਲਬਾਤ ਦੋਰਾਨ ਕਹੇ।ਉਨ੍ਹਾਂ ਕਿਹਾ ਕਿ ਪੰਜਾਬ 'ਚ ਜੋ ਜ਼ਿਲਾ ਪੱਧਰੀ ਧਰਨੇ ਲੱਗ ਰਹੇ ਹਨ। ਇਹ ਪੰਜਾਬ ਦੀ ਆਵਾਮ ਦੇ ਹੱਕਾਂ ਦੀ ਦੱਬੀ ਆਵਾਜ਼ ਨੂੰ ਉਠਾਉਣ ਲਈ ਲਾਏ ਜਾ ਰਹੇ ਹਨ ਤੇ ਪੰਜਾਬ ਦੀ ਕਿਸਾਨੀ ਨੂੰ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਜ਼ਿਲਾ ਪੱਧਰੀ ਸੁਨੇਹੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਿੱਢੇ ਸੰਘਰਸ਼ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਜੋ ਸਾਥ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਹ ਇੱਕ ਸ਼ਲਾਘਾਯੋਗ ਕਦਮ ਹੈ। ਇਸ ਨਾਲ ਪੰਜਾਬ ਦੇ ਕਿਸਾਨਾਂ ਅਤੇ ਗਰੀਬ ਵਰਗ ਦੀਆਂ ਹੱਕੀ ਮੰਗਾਂ ਨੂੰ ਇੱਕ ਹੁਲਾਰਾ ਮਿਲੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਮੁੱਖ ਮੰਤਰੀ ਪੰਜਾਬ ਨੇ ਚੋਣਾਂ ਦੌਰਾਨ ਚੋਣ ਮੈਨੀਫੈਸਟੋ 'ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸਗੋਂ ਉਲਟਾ ਪੰਜਾਬ ਦੀ ਜਨਤਾ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਏਜੰਡਾ ਤਿਆਰ ਕਰ ਲਿਆ ਹੈ, ਜਿਸ ਨਾਲ ਪੰਜਾਬ 'ਚ ਨਿੱਤ ਦਿਨ ਕੋਈ ਨਾ ਕੋਈ ਕਿਸਾਨ ਖੁਦਕੁਸ਼ੀ ਕਰਕੇ ਮੌਤ ਦੀ ਭੇਟ ਚੜ ਰਿਹਾ ਹੈ, ਜੋ ਪੰਜਾਬ ਦੀ ਕੀ ਪੂਰੇ ਦੇਸ਼ਾਂ-ਵਿਦੇਸ਼ਾਂ 'ਚ ਵਸਦੇ ਪੰਜਾਬੀ ਭਾਈਚਾਰੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ।